ਜਲੰਧਰ 'ਚ ਇਕ ਵਿਅਕਤੀ ਨਾਲ 1.37 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਗੁਰਸੇਵਕ ਸਿੰਘ ਵਾਸੀ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਪੁਲਸ ਟੀਮ ਉਸ ਦੀ ਭਾਲ 'ਚ ਜੁਟੀ ਹੋਈ ਹੈ।
ਬੈਂਕ ਸਟੇਟਮੈਂਟ ਚੈੱਕ ਕਰਨ 'ਤੇ ਹੋਇਆ ਖੁਲਾਸਾ
ਪੀੜਤ ਸੁਦੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਗੁਜਰਾਲ ਨਗਰ ਵਿੱਚ ਐਕਸਿਸ ਬੈਂਕ ਵਿੱਚ ਖਾਤਾ ਹੈ। ਮੁਲਜ਼ਮ ਨੇ ਉਸ ਦਾ ਨੰਬਰ ਆਪਣੇ ਬੈਂਕ ਨਾਲ ਜੋੜ ਲਿਆ ਅਤੇ ਹੌਲੀ-ਹੌਲੀ ਬੈਂਕ 'ਚੋਂ 1.37 ਕਰੋੜ ਰੁਪਏ ਕਢਵਾ ਲਏ। ਮੁਲਜ਼ਮਾਂ ਨੇ 5 ਅਗਸਤ ਤੋਂ ਬੈਂਕ'ਚੋਂ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ। ਬੈਂਕ ਸਟੇਟਮੈਂਟ ਚੈੱਕ ਕਰਨ 'ਤੇ ਇਹ ਘਟਨਾ ਸਾਹਮਣੇ ਆਈ।
ਮੋਬਾਈਲ ਬੈਂਕਿੰਗ ਤੋਂ ਕਢਵਾਏ ਪੈਸੇ
ਪੀੜਤ ਨੇ ਦੱਸਿਆ ਕਿ ਬੈਂਕ ਸਟੇਟਮੈਂਟ ਤੋਂ ਪਤਾ ਲੱਗਾ ਹੈ ਕਿ ਕਿਸੇ ਹੋਰ ਵਿਅਕਤੀ ਨੇ ਉਸ ਦਾ ਫ਼ੋਨ ਨੰਬਰ ਬੈਂਕ ਖਾਤੇ ਨਾਲ ਜੋੜਿਆ ਸੀ। ਫੋਨ ਨੰਬਰ ਲਿੰਕ ਹੋਣ ਤੋਂ ਬਾਅਦ ਮੁਲਜ਼ਮ ਨੇ ਉਨ੍ਹਾਂ ਦੇ ਖਾਤੇ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ ਉਕਤ ਨੰਬਰ ਤੋਂ ਉਸ ਦੇ ਫ਼ੋਨ 'ਤੇ ਮੋਬਾਈਲ ਬੈਂਕਿੰਗ ਖੋਲ੍ਹੀ। ਫਿਰ ਮੁਲਜ਼ਮਾਂ ਨੇ ਕਰੀਬ 1 ਕਰੋੜ 37 ਲੱਖ 15 ਹਜ਼ਾਰ 310 ਰੁਪਏ ਵੱਖ-ਵੱਖ ਖਾਤਿਆਂ ਵਿੱਚ ਕਈ ਵਾਰ ਟਰਾਂਸਫਰ ਕੀਤੇ।