ਲੁਧਿਆਣਾ ਦੇ ਇੱਕ ਨਿੱਜੀ ਸਕੂਲ 'ਚ ਦੂਜੀ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨੂੰ ਬੱਸ ਨੇ ਕੁਚਲ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਹੋਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ ਵਿੱਚ ਹੰਗਾਮਾ ਕਰ ਦਿੱਤਾ। ਮ੍ਰਿਤਕ ਲੜਕੀ ਦੀ ਪਛਾਣ ਅਮਾਇਰਾ ਵਜੋਂ ਹੋਈ ਹੈ ਅਤੇ ਉਹ ਆਪਣੇ ਮਾਪਿਆਂ ਦੀ ਇਕਲੌਤੀ ਬੱਚੀ ਸੀ।
ਸਿਰ 'ਤੇ ਟਾਇਰ ਦੇ ਨਿਸ਼ਾਨ
ਬੱਚਿਆਂ ਨੂੰ ਸਕੂਲ ਛੱਡਣ ਆਏ ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਉਥੇ ਪੁੱਜੇ ਤਾਂ ਦੇਖਿਆ ਕਿ ਇੱਕ ਬੱਚੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ। ਲੜਕੀ ਦੀਆਂ ਅੱਖਾਂ ਬਾਹਰ ਨਿਕਲੀਆਂ ਸਨ ਅਤੇ ਉਸਦੇ ਚਿਹਰੇ 'ਤੇ ਬੱਸ ਦੇ ਟਾਇਰ ਦੇ ਨਿਸ਼ਾਨ ਸਨ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਪਿਆਂ 'ਚ ਸਕੂਲ ਪ੍ਰਬੰਧਕਾਂ ਖ਼ਿਲਾਫ਼ ਗੁੱਸਾ
ਲੜਕੀ ਦੀ ਰਿਸ਼ਤੇਦਾਰ ਸ਼ੰਟੀ ਨੇ ਦੱਸਿਆ ਕਿ ਅਮਾਇਰਾ ਦੇ ਪਿਤਾ ਅਨੁਰਾਗ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਹਨ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ। ਜਦੋਂ ਅਸੀਂ ਸਕੂਲ ਦੇ ਬਾਹਰ ਪਹੁੰਚੇ ਤਾਂ ਸਕੂਲ ਪ੍ਰਬੰਧਕਾਂ ਨੇ ਗੇਟ ਨਹੀਂ ਖੋਲ੍ਹਿਆ। ਸਕੂਲ ਦੀ ਇਸ ਘੋਰ ਅਣਗਹਿਲੀ ਕਾਰਨ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਗੁੱਸਾ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।