ਜਲੰਧਰ 'ਚ ਭਾਰਤੀ ਜਨਤਾ ਪਾਰਟੀ ਦੇ ਆਗੂ ਹਤਿੰਦਰ ਤਲਵਾੜ ਹਨੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਦੇ ਨਾਲ ਹੀ ਹਨੀ ਨੇ ਜ਼ਿਲਾ ਪਾਰਟੀ ਪ੍ਰਧਾਨ ਸੁਸ਼ੀਲ ਸ਼ਰਮਾ 'ਤੇ ਵੀ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਪ੍ਰਧਾਨ ਬਣੇ ਹਨ, ਉਦੋਂ ਤੋਂ ਹੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਪਾਰਟੀ 'ਚ ਵਰਕਰਾਂ ਦੀ ਥਾਂ ਚਮਚਾਗਿਰੀ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ 'ਤੇ ਲਾਏ ਦੋਸ਼
ਹਨੀ ਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਪਿਛਲੇ 20 ਸਾਲਾਂ ਤੋਂ ਮੈਂ ਜਲੰਧਰ 'ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਨਾਲ-ਨਾਲ ਪੰਜਾਬ, ਹਰਿਆਣਾ, ਦਿੱਲੀ, ਜੰਮੂ ਤੇ ਹਿਮਾਚਲ ਦੇ ਕਈ ਜ਼ਿਲਿਆਂ 'ਚ ਬੂਥ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਹਰ ਚੋਣ 'ਚ ਪਾਰਟੀ ਦੀ ਸੇਵਾ ਕੀਤੀ ਹੈ। ਇਸ ਕਾਰਣ ਮੈਨੂੰ ਕਈ ਲੋਕਾਂ ਨਾਲ ਬਿਨਾਂ ਕਿਸੇ ਕਾਰਨ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਅਤੇ ਨੁਕਸਾਨ ਵੀ ਝੱਲਣਾ ਪਿਆ ਪਰ ਕਦੇ ਵੀ ਪਾਰਟੀ ਵਿਰੁੱਧ ਨਹੀਂ ਗਿਆ ਪਰ ਜਦੋਂ ਤੋਂ ਸੁਸ਼ੀਲ ਸ਼ਰਮਾ ਪਿਛਲੇ 4 ਸਾਲਾਂ ਤੋਂ ਜ਼ਿਲ੍ਹਾ ਪ੍ਰਧਾਨ ਬਣੇ ਹਨ, ਉਨ੍ਹਾਂ ਪਾਰਟੀ ਦਾ ਹੀ ਨੁਕਸਾਨ ਕੀਤਾ ਹੈ।
ਇੱਕਜੁੱਟ ਕਰਨ ਦੀ ਬਜਾਏ ਪਾਰਟੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ
ਉਨ੍ਹਾਂ ਦੀ ਪਾਰਟੀ ਪਿਛਲੇ 4 ਸਾਲਾਂ ਤੋਂ ਜਲੰਧਰ ਵਿੱਚ ਹਰ ਚੋਣ ਹਾਰ ਰਹੀ ਹੈ। ਹੁਣ ਵਰਕਰਾਂ ਦੀ ਥਾਂ ਪਾਰਟੀ ਵਿੱਚ ਚਮਚਾਗਿਰੀ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਦੋਂ ਤੋਂ ਸੁਸ਼ੀਲ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਣੇ ਹਨ, ਉਦੋਂ ਤੋਂ ਹੀ ਹਜ਼ਾਰਾਂ ਦੀ ਗਿਣਤੀ 'ਚ ਪਾਰਟੀ ਵਰਕਰਾਂ ਨੂੰ ਇਕੱਠਾ ਕਰਨ ਦੀ ਬਜਾਏ ਆਪਣੀ ਇਗੋ ਕਾਰਨ ਪਾਰਟੀ ਵਰਕਰਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਹੈ। ਮਨਮਾਨੀ ਅਤੇ ਪਾਰਟੀ ਵਿੱਚ ਸੱਚੇ ਵਰਕਰਾਂ ਦੀ ਕੋਈ ਬੁੱਕਤ ਨਾ ਹੋਣ ਕਾਰਨ ਮੈਂ ਦੁਖੀ ਹੋ ਕੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ।
ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ
ਉਨ੍ਹਾਂ ਦੇ ਅਸਤੀਫੇ ਤੋਂ ਤੁਰੰਤ ਬਾਅਦ ਭਾਜਪਾ ਨੇ 12 ਨੇਤਾਵਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਜਿਸ ਵਿੱਚ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਅਤੇ ਹਤਿੰਦਰ ਤਲਵਾੜ ਦੇ ਨਾਂ ਵੀ ਸ਼ਾਮਲ ਹਨ। ਭਾਜਪਾ ਨੇ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਵਿੱਚੋਂ ਕੱਢਿਆ ਜਾ ਰਿਹਾ ਹੈ।