ਲੁਧਿਆਣਾ ਦੇ ਲਾਡੋਵਾਲ ਰੇਲਵੇ ਓਵਰ ਬ੍ਰਿਜ 'ਤੇ ਅੱਜ ਸਵੇਰੇ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਲੁਧਿਆਣਾ ਜਾ ਰਹੀ ਚਾਰੇ ਨਾਲ ਭਰੀ ਟਰੈਕਟਰ-ਟਰਾਲੀ ਅਚਾਨਕ ਬੇਕਾਬੂ ਹੋ ਗਈ, ਜਿਸ ਕਾਰਨ ਉਹ ਪੁਲ ਦੀ ਸਾਈਡ ਦੀਵਾਰ ਤੋੜ ਕੇ ਰੇਲਵੇ ਟਰੈਕ 'ਤੇ ਅੱਧ ਵਿਚਾਲੇ ਲਟਕ ਗਈ। ਹਾਦਸੇ ਵਿੱਚ ਟਰੈਕਟਰ ਚਲਾ ਰਿਹਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਮਲਬਾ ਰੇਲਵੇ ਟਰੈਕ 'ਤੇ ਡਿੱਗਿਆ
ਪੁਲ ਨਾਲ ਟਕਰਾਉਣ ਤੋਂ ਬਾਅਦ ਇਸ ਦਾ ਮਲਬਾ ਹੇਠਾਂ ਰੇਲਵੇ ਟਰੈਕ 'ਤੇ ਡਿੱਗ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਟ੍ਰੈਕ ਤੋਂ ਕੋਈ ਟਰੇਨ ਨਹੀਂ ਲੰਘ ਰਹੀ ਸੀ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਟਰੈਕ 'ਤੇ ਪਏ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਘਟਨਾ ਦੌਰਾਨ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਟਰੈਕਟਰ ਚਲਾ ਰਹੇ ਵਿਅਕਤੀ ਨੂੰ ਬਚਾਇਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਦਸਾ ਕਿਸ ਕਾਰਨ ਹੋਇਆ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਰੇਲਵੇ ਅਧਿਕਾਰੀਆਂ ਨੇ ਟਰੈਕ 'ਤੇ ਆਵਾਜਾਈ ਰੋਕ ਦਿੱਤੀ
ਹਾਦਸੇ ਦਾ ਪਤਾ ਲੱਗਦਿਆਂ ਹੀ ਲੁਧਿਆਣਾ ਅਤੇ ਫਿਲੌਰ ਤੋਂ ਆਰਪੀਐਫ, ਜੀਆਰਪੀ, ਰੇਲਵੇ ਇੰਜਨੀਅਰਿੰਗ ਵਿਭਾਗ, ਮਕੈਨੀਕਲ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸੁਰੱਖਿਆ ਨੂੰ ਮੁੱਖ ਰੱਖਦਿਆਂ 4:55 ਵਜੇ ਤੋਂ ਲੈ ਕੇ 5:40 ਵਜੇ ਤੱਕ ਰੇਲਵੇ ਟਰੈਕ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਜਾਂਚ ਕਰਨ ਤੋਂ ਬਾਅਦ, ਟਰੈਕ ਨੂੰ ਚਾਲੂ ਕਰ ਦਿੱਤਾ ਗਿਆ।
ਹਾਦਸੇ ਕਾਰਨ ਕਈ ਟਰੇਨਾਂ ਪ੍ਰਭਾਵਤ
ਹਾਦਸੇ ਕਾਰਣ ਕਈ ਟਰੇਨਾਂ ਲੇਟ ਹੋਈਆਂ, ਜਿਨ੍ਹਾਂ ਵਿਚ ਟਰੇਨ ਨੰਬਰ 22462 ਸ੍ਰੀ ਮਾਤਾ ਵੈਸ਼ਣੋ ਦੇਵੀ ਤੋਂ ਨਵੀਂ ਦਿੱਲੀ ਨੂੰ ਜਾਣ ਵਾਲੀ 31 ਮਿੰਟ, ਟਰੇਨ ਨੰਬਰ 16032 ਸ੍ਰੀ ਮਾਤਾ ਵੈਸ਼ਣੋ ਦੇਵੀ ਤੋਂ ਚੇਨੰਈ ਵੱਲ਼ ਜਾਣ ਵਾਲੀ ਲਗਭਗ 15 ਮਿੰਟ, ਟਰੇਨ ਨੰਬਰ 12204 ਅੰਮ੍ਰਿਤਸਰ ਤੋਂ ਸਹਰਸਾ ਜਾਣ ਵਾਲੀ ਗਰੀਬ ਰੱਥ 25 ਮਿੰਟ, ਜਲੰਧਰ ਵੱਲ ਜਾਣ ਵਾਲੀ ਟਰੇਨ ਨੰਬਰ14653 ਹਿਸਾਰ- ਅੰਮ੍ਰਿਤਸਰ ਐਕਸਪ੍ਰੈੱਸ ਲਗਭਗ 57 ਮਿੰਟ,14632 ਦੇਹਰਾਦੁਨ- ਅੰਮ੍ਰਿਤਸਰ ਐਕਸਪ੍ਰੈੱਸ 60 ਮਿੰਟ, 18101 ਟਾਟਾ-ਜੰਮੂਤਵੀ ਐਕਸਪ੍ਰੈੱਸ 45 ਮਿੰਟ, ਟਰੇਨ ਨੰਬਰ12237 ਬਨਾਰਸ -ਜੰਮੂਤਵੀ ਬੇਗਮਪੁਰਾ ਐਕਸਪ੍ਰੈੱਸ 35 ਮਿੰਟ ਤੱਕ ਲੇਟ ਹੋਈ।