ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਟਰੈਕਟਰ ਸੜਕ 'ਤੇ ਪਲਟ ਗਿਆ ਅਤੇ ਟਰਾਲੀ ਸਿੱਧੀ ਖੜ੍ਹੀ ਹੋ ਗਈ। ਇਸ ਹਾਦਸੇ 'ਚ ਬੱਚਿਆਂ ਸਮੇਤ 15 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੀਰ ਨਿਗਾਹੇ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੇਰ ਰਾਤ 12 ਵਜੇ ਬਾਘਾ ਪੁਰਾਣਾ ਤੋਂ ਸ਼ਰਧਾਲੂ ‘ਪੀਰ ਨਿਗਾਹੇ’ ਤੋਂ ਮੱਥਾ ਟੇਕ ਕੇ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੇ ਸਨ। ਇਸ ਦੌਰਾਨ ਕੋਟਕਪੂਰਾ ਵੱਲ ਜਾ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਸੜਕ 'ਤੇ ਚੀਕ ਚਿਹਾੜਾ ਮਚ ਗਿਆ।
ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ
ਚੀਕਾਂ ਸੁਣਦੇ ਹੀ ਰਾਹਗੀਰਾਂ ਦਾ ਧਿਆਨ ਇਸ ਹਾਦਸੇ ਵੱਲ ਗਿਆ। ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ। ਹਾਦਸੇ 'ਚ ਗੰਭੀਰ ਜ਼ਖਮੀ 6 ਲੋਕਾਂ ਨੂੰ ਫਰੀਦਕੋਟ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਖਮੀਆਂ ਦੀ ਪਛਾਣ
ਹਾਦਸੇ ਵਿੱਚ ਜ਼ਖ਼ਮੀ ਹੋਣ ਵਾਲਿਆਂ ਵਿੱਚ ਜਰਨੈਲ ਸਿੰਘ (10 ਸਾਲ), ਗੁਰਮੀਤ ਸਿੰਘ (40), ਸੋਮਾ ਰਾਣੀ (50), ਪਰਮਜੀਤ (34), ਪ੍ਰੀਤਮ ਸਿੰਘ (60), ਸ਼ਿੰਦਰਪਾਲ ਕੌਰ (36) ਸ਼ਾਮਲ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਹਾਦਸਾ ਕਿਸ ਦੀ ਗਲਤੀ ਨਾਲ ਵਾਪਰਿਆ।