ਜਲੰਧਰ 'ਚ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੂੰ ਗੂਗਲ ਤੋਂ ਨੰਬਰ ਲੈ ਕੇ ਫੋਨ ਕਰਨਾ ਮਹਿੰਗਾ ਪੈ ਗਿਆ ਜਦੋਂ ਉਸ ਨਾਲ ਲੱਖਾਂ ਦੀ ਠੱਗੀ ਹੋ ਗਈ। ਦੱਸ ਦੇਈਏ ਕਿ ਦੇਸੀ ਘਿਓ ਦੀ ਆਨਲਾਈਨ ਡਿਲੀਵਰੀ ਨਾ ਹੋਣ ਕਾਰਨ ਗਾਹਕ ਨੇ ਗੂਗਲ ਤੋਂ ਨੰਬਰ ਲੈ ਕੇ ਕਾਲ ਕੀਤੀ ਸੀ। ਜਿਸ ਤੋਂ ਬਾਅਦ ਇੱਕ ਸਾਈਬਰ ਠੱਗ ਦਾ ਕਾਲ ਆਇਆ। ਉਸ ਨੇ ਪੀੜਤ ਦੇ ਖਾਤੇ 'ਚੋਂ 1.21 ਲੱਖ ਰੁਪਏ ਕਢਵਾ ਲਏ।
ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਹੈ। ਜਾਂਚ ਤੋਂ ਬਾਅਦ ਥਾਣਾ ਕੈਂਟ ਦੀ ਪੁਲੀਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਐਮਡੀ ਸਾਬਿਰ, ਫਰੀਦਾ, ਪੱਛਮੀ ਬੰਗਾਲ ਦੇ ਅਬਦਾ ਪ੍ਰਵੀਨ ਅਤੇ ਮਹਾਰਾਸ਼ਟਰ ਦੇ ਸਚਿਨ ਸੂਰਿਆਕਾਂਤ ਵਜੋਂ ਹੋਈ ਹੈ।
ਦੇਸੀ ਘਿਓ ਆਨਲਾਈਨ ਆਰਡਰ ਕੀਤਾ ਸੀ
ਪੀੜਤ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਬਡਿੰਗ ਦੇ ਰਹਿਣ ਵਾਲੇ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਨੇ ਆਨਲਾਈਨ ਖਰੀਦਦਾਰੀ ਦੌਰਾਨ ਇੱਕ ਸਾਈਟ ਤੋਂ ਦੇਸੀ ਘਿਓ ਮੰਗਵਾਇਆ ਸੀ ਪਰ ਜਦੋਂ ਡਿਲੀਵਰੀ ਨਹੀਂ ਹੋਈ ਤਾਂ ਉਸ ਨੇ ਗੂਗਲ ਉਤੇ ਜਾ ਕੇ ਕੰਪਨੀ ਦੇ ਪੇਜ ਤੋਂ ਫੋਨ ਨੰਬਰ ਲੈ ਕੇ ਕਾਲ ਕੀਤੀ ਸੀ।
ਗੱਲਾਂ-ਗੱਲਾਂ ਵਿੱਚ ਉਡਾਏ 1.21 ਲੱਖ ਰੁਪਏ
ਇਸ ਦੌਰਾਨ ਸਾਈਬਰ ਠੱਗ ਦਾ ਫੋਨ ਆਇਆ ਅਤੇ ਗੱਲ ਕਰਦੇ ਹੋਏ ਉਸ ਨੇ ਪੀੜਤ ਦੇ ਖਾਤੇ 'ਚੋਂ 1.21 ਲੱਖ ਰੁਪਏ ਕਢਵਾ ਲਏ। ਪੁਲਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।