ਸਾਬਕਾ ਲੋਕ ਸਭਾ ਮੈਂਬਰ ਅਸ਼ੋਕ ਤੰਵਰ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਹੈ। ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਨੇ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਤੰਵਰ ਕਾਂਗਰਸ ਅਤੇ 'ਆਪ' ਦੇ ਗਠਜੋੜ ਤੋਂ ਨਾਰਾਜ਼ ਸਨ
ਅਸ਼ੋਕ ਤੰਵਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਕਾਰਨ ਨਾਰਾਜ਼ ਸਨ। ਉਨ੍ਹਾਂ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਹੱਥ ਮਿਲਾਇਆ ਹੈ, ਮੇਰੀ ਜ਼ਮੀਰ ਇਸ ਗੱਲ ਦੀ ਗਵਾਹੀ ਨਹੀਂ ਦਿੰਦੀ। ਇਸ ਲਈ ਮੈਂ ਚੋਣ ਸ਼ਿਕਾਇਤ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਮੈਂ ਹਰਿਆਣਾ ਅਤੇ ਭਾਰਤ ਦੇਸ਼ ਦੀ ਬਿਹਤਰੀ ਲਈ ਕੰਮ ਕਰਦਾ ਰਹਾਂਗਾ।
ਜਾਣੋ ਕਿਹੋ ਜਿਹਾ ਰਿਹਾ ਤੰਵਰ ਦਾ ਸਿਆਸੀ ਕਰੀਅਰ
ਤੰਵਰ ਦਾ ਹਰਿਆਣਾ ਵਿੱਚ ਲੰਬਾ ਸਿਆਸੀ ਕੈਰੀਅਰ ਰਿਹਾ ਹੈ। ਉਹ ਲੰਬੇ ਸਮੇਂ ਤੋਂ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹੇ ਹਨ। 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁੱਡਾ ਅਤੇ ਅਸ਼ੋਕ ਤੰਵਰ ਵਿਚਾਲੇ ਮਤਭੇਦਾਂ ਕਾਰਨ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਤੰਵਰ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ।
ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਅਸ਼ੋਕ ਤੰਵਰ ਨੇ ਕਾਂਗਰਸ ਛੱਡਣ ਤੋਂ ਕਰੀਬ ਡੇਢ ਸਾਲ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ TMC ਦਾ ਝੰਡਾ ਲਹਿਰਾਇਆ ਅਤੇ ਹਰਿਆਣਾ ਵਿੱਚ ਦੀਦੀ ਦੀ ਪਾਰਟੀ ਦੇ ਪ੍ਰਧਾਨ ਬਣ ਕੇ ਕਾਡਰ ਬਣਾਉਣਾ ਸ਼ੁਰੂ ਕਰ ਦਿੱਤਾ। ਕਰੀਬ 6 ਮਹੀਨਿਆਂ ਬਾਅਦ ਤੰਵਰ ਨੇ ਵੀ TMC ਛੱਡ ਦਿੱਤੀ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 'ਆਪ' ਛੱਡਣ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ।