ਬਠਿੰਡਾ ਦੇ ਮੌੜ ਮੰਡੀ 'ਚ ਅੱਜ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਕਾਸ ਕ੍ਰਾਂਤੀ ਰੈਲੀ ਕਰਨਗੇ। ਇਸ ਲਈ ਪਾਰਟੀ ਅਧਿਕਾਰੀ ਕਈ ਦਿਨਾਂ ਤੋਂ ਤਿਆਰੀਆਂ ਵਿਚ ਲੱਗੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਮੌੜ ਮੰਡੀ 'ਚ ਰਾਮਪੁਰਾ-ਤਲਵੰਡੀ ਰੋਡ ‘ਤੇ ਸਥਿਤ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਖੁੱਲ੍ਹੇ ਮੈਦਾਨ 'ਚ ਵਿਕਾਸ ਕ੍ਰਾਂਤੀ ਰੈਲੀ ਰੱਖੀ ਗਈ ਹੈ ਜਿਥੇ ਲਗਭਗ 8 ਏਕੜ ‘ਤੇ ਵਾਟਰ ਪਰੂਫ ਟੈਂਟ ਲਗਾਏ ਗਏ ਹਨ । ਸਟੇਜ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਰੈਲੀ ਵਾਲੀ ਥਾਂ ਤੋਂ ਲਗਭਗ 600 ਮੀਟਰ ਦੂਰੀ ‘ਤੇ ਤਲਵੰਡੀ ਸਾਬੋ ਰੋਡ ਸਥਿਤ ਨਵੀਂ ਦਾਣਾ ਮੰਡੀ 'ਚ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ।
CM ਮਾਨ ਆਪਣੇ ਹੈਲੀਕਾਪਟਰ ਤੋਂ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ ਜਿਸ ਲਈ ਸਰਸਵਤੀ ਕਾਨਵੈਂਟ ਸਕੂਲ 'ਚ ਹੈਲੀਪੇਡ ਬਣਾਇਆ ਗਿਆ ਹੈ। ਵਿਕਾਸ ਕ੍ਰਾਂਤੀ ਰੈਲੀ ਪੰਜਾਬ ਦੇ ਸੰਗਰੂਰ, ਹੁਸ਼ਿਆਰਪੁਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ,ਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਹੋ ਚੁੱਕੀ ਹੈ। ਹੁਣ 7ਵੀਂ ਰੈਲੀ ਬਠਿੰਡਾ ਲੋਕ ਸਭਾ ਹਲਕੇ 'ਚ ਕੀਤੀ ਜਾ ਰਹੀ ਹੈ।
1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਜਾਵੇਗੀ ਸ਼ੁਰੂਆਤ
ਆਮ ਆਦਮੀ ਪਾਰਟੀ ਦੀ ਇਸ ਰੈਲੀ ਬਾਰੇ ‘ਆਪ’ ਆਗੂ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਐਤਵਾਰ (17 ਦਸੰਬਰ) ਨੂੰ ਬਠਿੰਡਾ 'ਚ ‘ਵਿਕਾਸ ਕ੍ਰਾਂਤੀ ਰੈਲੀ’ ਕੀਤੀ ਜਾਵੇਗੀ, ਜਿਸ ਦੌਰਾਨ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਾਰਟੀ ਆਗੂ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੋੜ ਮੰਡੀ 'ਚ ਹੋਣ ਵਾਲੀ ਇਸ ਵਿਕਾਸ ਕ੍ਰਾਂਤੀ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਆਗੂ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਕੰਗ ਨੇ ਕਿਹਾ ਕਿ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।
ਮਾਨ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ
ਪੀਟੀਆਈ ਮੁਤਾਬਕ ਪਾਰਟੀ ਦੀ ਪੰਜਾਬ ਇਕਾਈ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ।ਬਠਿੰਡਾ 'ਚ ਨਵੇਂ ਬੱਸ ਸਟੈਂਡ, ਮਲਟੀਪਰਪਜ਼ ਆਡੀਟੋਰੀਅਮ ਤੇ 50 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਕੰਗ ਨੇ ਦੱਸਿਆ ਕਿ ਉਹ ਬਠਿੰਡਾ ਦੇ ਪੇਂਡੂ ਖੇਤਰਾਂ 'ਚ ਸੀਵਰੇਜ ਅਤੇ ਸੜਕਾਂ ਦੇ ਕੰਮਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪੀਣ ਵਾਲਾ ਪਾਣੀ, ਮਲਟੀਪਰਪਜ਼ ਹਾਲ ਤੇ ਚੰਗੀ ਸਿੱਖਿਆ ਤੇ ਸਿਹਤ ਵਿਵਸਥਾ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਸਰਕਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ ਤੇ ਹਰ ਜ਼ਿਲ੍ਹੇ 'ਚ ਲੋਕਾਂ ਨੂੰ ਪ੍ਰੋਜੈਕਟ ਸਮਰਪਿਤ ਕਰ ਰਹੀ ਹੈ।
50 ਹਜ਼ਾਰ ਤੋਂ ਵੱਧ ਲੋਕਾਂ ਦੇ ਬੈਠਣ ਦਾ ਕੀਤਾ ਗਿਆ ਇੰਤਜ਼ਾਮ
ਰੈਲੀ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਰੈਲੀ ਵਾਲੀ ਥਾਂ ‘ਤੇ ਟਰਾਂਸਪੋਰਟ, ਟ੍ਰੈਫਿਕ, ਬਿਜਲੀ, ਮੈਡੀਕਲ ਟੀਮਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀ ਦੇ ਸਿਆਸੀ ਲੋਕ ਵੀ ਆਪਣੇ ਪੱਧਰ ‘ਤੇ ਲੋਕਾਂ ਨੂੰ ਫੋਨ ਕਰਕੇ ਇਸ ਰੈਲੀ ਲਈ ਸੱਦਾ ਦੇ ਰਹੇ ਹਨ। ਜ਼ਿਲ੍ਹੇ ਦੀਆਂ ਸਾਰੀਆਂ 6 ਵਿਧਾਨ ਸਭਾ ਹਲਕਿਆਂ ਤੋਂ ਜਨਤਾ ਨੂੰ ਲਿਆਉਣ-ਲਿਜਾਣ ਲਈ 140 ਬੱਸਾਂ ਲਗਾਈਆਂ ਗਈਆਂ ਹਨ। ਅਧਿਕਾਰੀ ਵੀ ਆਪਣੇ-ਆਪਣੇ ਵਾਹਨਾਂ 'ਚ ਕਾਫਲਿਆਂ ਨਾਲ ਸ਼ਾਮਲ ਹੋਣਗੇ।
ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਜਨਤਾ ਨੂੰ ਕਰਨਗੇ ਸੰਬੋਧਨ
ਇਸ ਦੌਰਾਨ ਸੀਐਮ ਕੇਜਰੀਵਾਲ ਤੇ ਸੀਐਮ ਮਾਨ ਵੀ ਜਨਤਾ ਨੂੰ ਸੰਬੋਧਨ ਕਰਨਗੇ। 'ਆਪ' ਵਿਕਾਸ ਕ੍ਰਾਂਤੀ ਰੈਲੀ ਰਾਹੀਂ ਲੋਕ ਸਭਾ ਚੋਣਾਂ 2024 ਲਈ ਚੋਣ ਬਿਗਲ ਵਜਾਉਣ ਦੀ ਤਿਆਰੀ ਕਰ ਰਹੀ ਹੈ।