ਖਬਰਿਸਤਾਨ ਨੈੱਟਵਰਕ-ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਵਜੋਂ ਭਰਤੀ ਹੋ ਕੇ ਆਸਥਾ ਪੂਨੀਆ ਨੇ ਇਤਿਹਾਸ ਰਚ ਦਿੱਤਾ ਹੈ। ਉਹ ਜਲ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ। ਇਹ ਸਿਰਫ਼ ਉਸ ਦੀ ਨਿੱਜੀ ਸਫਲਤਾ ਨਹੀਂ ਹੈ, ਸਗੋਂ ਭਾਰਤੀ ਜਲ ਸੈਨਾ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਅਤੇ ਲਿੰਗ ਸਮਾਨਤਾ ਵੱਲ ਇੱਕ ਵੱਡੀ ਪ੍ਰਾਪਤੀ ਵੀ ਹੈ। ਆਸਥਾ ਪੂਨੀਆ ਨੇ 3 ਜੁਲਾਈ 2025 ਨੂੰ ਵਿਸ਼ਾਖਾਪਟਨਮ ਦੇ ਆਈਐਨਐਸ ਦੇਗਾ ਵਿਖੇ ਬੇਸਿਕ ਹਾਕ ਕਨਵਰਜ਼ਨ ਕੋਰਸ ਪੂਰਾ ਕਰ ਕੇ ਇਹ ਮੁਕਾਮ ਹਾਸਲ ਕੀਤਾ।
ਗੋਲਡਨ ਵਿੰਗਜ਼' ਨਾਲ ਸਨਮਾਨਤ
ਆਸਥਾ ਪੂਨੀਆ ਨੂੰ ਇਸ ਕੋਰਸ ਤੋਂ ਬਾਅਦ 'ਗੋਲਡਨ ਵਿੰਗਜ਼' ਨਾਲ ਸਨਮਾਨਤ ਕੀਤਾ ਗਿਆ।ਇਹ ਸਨਮਾਨ ਉਨ੍ਹਾਂ ਨੂੰ ਸਹਾਇਕ ਜਲ ਸੈਨਾ ਮੁਖੀ (ਏਅਰ) ਰੀਅਰ ਐਡਮਿਰਲ ਜਨਕ ਬੇਵਾਲੀ ਨੇ ਦਿੱਤਾ। ਇਹ 'ਗੋਲਡਨ ਵਿੰਗ' ਇਸ ਗੱਲ ਦਾ ਪ੍ਰਤੀਕ ਹਨ ਕਿ ਉਹ ਹੁਣ ਲੜਾਕੂ ਜਹਾਜ਼ ਉਡਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਸਥਾ ਪੂਨੀਆ ਅਤੇ ਇੱਕ ਹੋਰ ਅਧਿਕਾਰੀ ਲੈਫਟੀਨੈਂਟ ਅਤੁਲ ਕੁਮਾਰ ਢਲ ਨੂੰ ਇਹ ਸਨਮਾਨ 3 ਜੁਲਾਈ ਨੂੰ ਆਯੋਜਿਤ 'ਵਿੰਗਿੰਗ ਸਮਾਰੋਹ' ਵਿੱਚ ਦਿੱਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਆਸਥਾ ਪੂਨੀਆ ਨੇ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਜਲ ਸੈਨਾ ਵਿੱਚ ਮਹਿਲਾ ਲੜਾਕੂ ਪਾਇਲਟਾਂ ਵਜੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਜਲ ਸੈਨਾ ਪਹਿਲਾਂ ਹੀ ਮਰੀਨ ਰਿਕੋਨਾਈਸੈਂਸ ਜਹਾਜ਼ਾਂ ਅਤੇ ਹੈਲੀਕਾਪਟਰਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰ ਚੁੱਕੀ ਹੈ। ਇਹ ਔਰਤਾਂ ਪਾਇਲਟ ਅਤੇ ਨੇਵਲ ਏਅਰ ਆਪ੍ਰੇਸ਼ਨ ਅਫਸਰਾਂ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ।
ਸਬ-ਲੈਫਟੀਨੈਂਟ ਆਸਥਾ ਪੂਨੀਆ ਨੂੰ ਨੇਵਲ ਕੰਬੈਟ ਏਵੀਏਸ਼ਨ ਬ੍ਰਾਂਚ ਵਿੱਚ ਸ਼ਾਮਲ ਕਰਨਾ ਔਰਤਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਪ੍ਰਤੀ ਨੇਵੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਕਦਮ ਮਹਿਲਾ ਸਸ਼ਕਤੀਕਰਨ, ਬਰਾਬਰ ਅਧਿਕਾਰਾਂ ਅਤੇ ਮੌਕਿਆਂ ਦੀ ਸੰਸਕ੍ਰਿਤੀ ਨੂੰ ਵੀ ਮਜ਼ਬੂਤ ਕਰਦਾ ਹੈ।
ਹਰਿਆਣਾ ਦੀ ਰਹਿਣ ਵਾਲੀ ਆਸਥਾ
ਜਾਣਕਾਰੀ ਅਨੁਸਾਰ, ਆਸਥਾ ਪੂਨੀਆ ਹਰਿਆਣਾ ਦੀ ਰਹਿਣ ਵਾਲੀ ਹੈ। ਸਿਖਲਾਈ ਦੌਰਾਨ, ਉਸਨੇ ਨਾ ਸਿਰਫ਼ ਸਾਰੇ ਮਾਪਦੰਡ ਪੂਰੇ ਕੀਤੇ ਸਗੋਂ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ। ਆਸਥਾ ਦੀ ਇਹ ਸਫਲਤਾ ਦੇਸ਼ ਦੀਆਂ ਕਰੋੜਾਂ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ।