ਅੰਮ੍ਰਿਤਸਰ ਦੌਰੇ 'ਤੇ ਆਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪਾਲ ਦਾ ਕਾਫ਼ਲਾ ਪੁਲ ਮੌਰਾਂ ਵਾਲੇ ਪਾਸੇ ਤੋਂ ਘਰਿੰਡਾ ਵੱਲ ਆ ਰਿਹਾ ਸੀ ਕਿ ਇਸ ਦੌਰਾਨ ਸੁਰੱਖਿਆ ਲਈ ਤਾਇਨਾਤ ਸੀਆਰਪੀਐਫ ਜਵਾਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਸੰਤੁਲਨ ਗੁਆਉਣ ਕਾਰਨ ਗੱਡੀ ਡਿਵਾਈਡਰ ਨਾਲ ਜਾ ਟਕਰਾਈ।
ਹਾਦਸੇ ਵਿਚ ਤਿੰਨ ਜਵਾਨ ਹੋਏ ਜ਼ਖਮੀ
ਇਸ ਹਾਦਸੇ 'ਚ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਫਰਸਟ ਏਡ ਦਿੱਤੀ ਜਾ ਰਹੀ ਹੈ ਤੇ ਜਲਦ ਹੀ ਛੁੱਟੀ ਮਿਲ ਜਾਵੇਗੀ।
ਸਰਹੱਦੀ ਦੌਰੇ ਉਤੇ ਹਨ ਰਾਜਪਾਲ
ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਸਰਹੱਦੀ ਦੌਰੇ 'ਤੇ ਹਨ। ਪਹਿਲੇ ਦਿਨ ਮੰਗਲਵਾਰ ਨੂੰ ਰਾਜਪਾਲ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਮਿਆਲ ਪਿੰਡ ਪੁੱਜੇ। ਉਨ੍ਹਾਂ ਨਾਲ ਡੀਜੀਪੀ ਪੰਜਾਬ ਗੌਰਵ ਯਾਦਵ, ਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ, ਡੀਸੀ ਪਠਾਨਕੋਟ ਅਦਿੱਤਿਆ ਉੱਪਲ, ਐਸਐਸਪੀ ਪਠਾਨਕੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅਧਿਕਾਰੀਆਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੁਲਸ ਵੱਲੋਂ ਸਰਹੱਦੀ ਖੇਤਰ ਵਿੱਚ ਨਸ਼ਿਆਂ ਅਤੇ ਹੋਰ ਗਲਤ ਗਤੀਵਿਧੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣੂ ਕਰਵਾਇਆ।