ਖ਼ਬਰਿਸਤਾਨ ਨੈੱਟਵਰਕ: ਜਲੰਧਰ ਸਮੇਤ ਪੰਜਾਬ ਭਰ ਵਿਚ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਤਸਕਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਜਲੰਧਰ ਦੇ ਰਾਮਾ ਮੰਡੀ ਪੁਲਸ ਸਟੇਸ਼ਨ ਅਧੀਨ ਆਉਂਦੇ ਬਾਬਾ ਬੁੱਢਾ ਨਗਰ ਦੀ ਪੁਲਸ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਤਸਕਰਾਂ ਦੀ ਇਮਾਰਤ ਉਤੇ ਕਾਰਵਾਈ ਕੀਤੀ। ਮੁਲਜ਼ਮ ਦੀ ਪਛਾਣ ਉਜਾਗਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਤੋਂ ਤਸਕਰ ਵੱਲੋਂ ਬਣਾਈ ਗਈ ਗੈਰ-ਕਾਨੂੰਨੀ ਇਮਾਰਤ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਕਾਰਨ ਅੱਜ ਨਗਰ ਨਿਗਮ ਦੀ ਟੀਮ ਨਾਲ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਜਾ ਰਿਹਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਤਸਕਰ ਉਜਾਗਰ ਸਿੰਘ ਦੇ ਘਰ ਉਤੇ ਕੀਤੀ ਜਾ ਰਹੀ ਹੈ। ਤਸਕਰ ਉਜਾਗਰ ਵਿਰੁੱਧ ਐਨਡੀਪੀਐਸ ਐਕਟ ਤਹਿਤ ਚਾਰ ਮਾਮਲੇ ਦਰਜ ਹਨ। ਇਮਾਰਤ ਨੂੰ ਬੁਲਡੋਜ਼ਰ ਨਾਲ ਨਹੀਂ ਢਾਹਿਆ ਜਾ ਰਿਹਾ ਕਿਉਂਕਿ ਗਲੀ ਤੰਗ ਹੈ। ਸਗੋਂ, ਪ੍ਰਸ਼ਾਸਨ ਵੱਲੋਂ ਛੋਟੀਆਂ ਮਸ਼ੀਨਾਂ ਦੀ ਵਰਤੋਂ ਕਰ ਕੇ ਤਸਕਰ ਦੇ ਘਰ ਨੂੰ ਢਾਹਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਕਾਰਵਾਈ ਜਾਰੀ ਰਹੇਗੀ।