ਅਮਰੀਕਾ ਦੀ ਤਰ੍ਹਾਂ ਕੈਨੇਡਾ ਵੀ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਮੁਤਾਬਕ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਨੇਤਾ ਦੀ ਚੋਣ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਜਨੀਤੀ ਗਰਮਾਈ ਹੋਈ ਹੇ। ਇਸ ਦੌਰਾਨ ਭਾਰਤੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਰੂਬੀ ਢੱਲਾ ਨੇ ਮੰਗਲਵਾਰ (28 ਜਨਵਰੀ) ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਆਪਣੇ ਸਟੈਂਡ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ।
ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਕਰਾਂਗੇ ਡਿਪੋਰਟ
ਕੈਨੇਡਾ ਦੀ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਰੂਬੀ ਢੱਲਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੀ ਹੈ, ਤਾਂ ਉਹ ਕੈਨੇਡਾ ਤੋਂ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗੀ। ਰੂਬੀ ਢੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਵੀਡੀਓ ਪੋਸਟ ਸਾਂਝੀ ਕੀਤੀ। ਇਸ ਵਿੱਚ ਉਸ ਨੇ ਕਿਹਾ, “ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਵਾਂਗੀ ਅਤੇ ਮਨੁੱਖੀ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਰੋਕਾਂਗੀ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ।”
ਤਿੰਨ ਵਾਰ ਕੈਨੇਡਾ ਦੀ ਸੰਸਦ ਮੈਂਬਰ ਰਹਿ ਚੁੱਕੀ
ਰੂਬੀ ਢੱਲਾ ਨੇ ਕਿਹਾ ਕਿ ਉਹ ਵੀ ਪਰਵਾਸੀਆਂ ਦੀ ਧੀ ਹੈ ਪਰ ਉਹ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਹੁਣ ਤੱਕ ਤਿੰਨ ਵਾਰ ਕੈਨੇਡਾ ਦੀ ਸੰਸਦ ਮੈਂਬਰ ਚੁਣੀ ਜਾ ਚੁੱਕੀ ਹੈ। ਉਸ ਨੇ 2004 ਤੋਂ 2011 ਤੱਕ ਬਰੈਂਪਟਨ-ਸਪਰਿੰਗਡੇਲ ਦੀ ਹੁਣ ਬੰਦ ਹੋ ਚੁੱਕੀ ਸੀਟ ਦੀ ਨੁਮਾਇੰਦਗੀ ਕੀਤੀ ਸੀ। ਉਹ ਇੱਕ ਹੋਟਲ ਮਾਲਕ ਵੀ ਹੈ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਡਲਿੰਗ ਦੀ ਦੁਨੀਆ ਵਿੱਚ ਵੀ ਕੰਮ ਕਰ ਚੁੱਕੀ ਹੈ।
ਕੈਨੇਡਾ ਵਿਚ ਪੰਜ ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀ
ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਵਿੱਚ ਪੰਜ ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪ੍ਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਹਾਂ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਅਤੇ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।
ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਕੈਨੇਡਾ ਵਿੱਚ ਹਰ ਗੈਰ-ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟ ਕਰਾਂਗੀ। ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ।