ਕੈਨੇਡਾ ਤੋਂ ਪੰਜਾਬੀਆਂ ਲਈ ਖੁਸ਼ਖਬਰੀ ਹੈ। ਦੱਸ ਦੇਈਏ ਕਿ ਕੈਨੇਡਾ 31 ਮਾਰਚ, 2025 ਨੂੰ ਦੋ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਾਂਚ ਕਰ ਰਿਹਾ ਹੈ। ਰਿਪੋਰਟ ਮੁਤਾਬਕ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀ, ਜਿਨ੍ਹਾਂ ਵਿਚ ਅਪਾਹਜ ਲੋਕ ਵੀ ਸ਼ਾਮਲ ਹਨ, ਸਥਾਈ ਨਿਵਾਸ ਲਈ ਅਰਜ਼ੀ ਦੇ ਸਕਣਗੇ।
2 ਲੱਖ ਤੋਂ ਵੱਧ ਨੌਜਵਾਨਾਂ ਉੱਤੇ ਦੇਸ਼ ਨਿਕਾਲੇ ਦਾ ਖਤਰਾ
ਚੰਗੀ ਖ਼ਬਰ ਇਹ ਹੈ ਕਿ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿਤੇ ਜਾਣ ਤੋਂ ਪਹਿਲਾਂ ਨੌਕਰੀ ਅਤੇ ਸਥਾਈ ਨਿਵਾਸ ਮਿਲ ਸਕਦਾ ਹੈ। ਸ਼ੁਰੂ ਵਿਚ, ਇਹ ਸਕੀਮ ਸਿਰਫ਼ ਕੈਨੇਡਾ ਵਿਚ ਪਹਿਲਾਂ ਤੋਂ ਹੀ ਰਹਿ ਰਹੇ ਕਾਮਿਆਂ ਲਈ ਖੁੱਲ੍ਹੀ ਹੋਵੇਗੀ, ਬਾਅਦ ਵਿਚ ਵਿਦੇਸ਼ੀ ਬਿਨੈਕਾਰਾਂ ਲਈ ਇਕ ਵੱਖਰੀ ਧਾਰਾ ਹੋਵੇਗੀ। ਪੰਜਾਬ ਦੇ 2 ਲੱਖ ਤੋਂ ਵੱਧ ਨੌਜਵਾਨਾਂ ਉੱਤੇ ਦੇਸ਼ ਨਿਕਾਲੇ ਦਾ ਖਤਰਾ ਬਣਿਆ ਹੋਇਆ ਹੈ।
ਪੰਜਾਬੀਆਂ ਨੂੰ ਦੇ ਸਕਦਾ ਕੁਝ ਰਾਹਤ
ਦੱਸ ਦੇਈਏ ਕਿ ਜਿਨ੍ਹਾਂ ਦੇ ਵੀਜ਼ੇ ਖ਼ਤਮ ਹੋਣ ਵਾਲੇ ਹਨ, ਉਹ ਕਨਫਿਊਜ਼ਡ ਹਨ। ਨਵਾਂ ਪਾਇਲਟ ਪ੍ਰਾਜੈਕਟ ਘਰੇਲੂ ਦੇਖਭਾਲ ਕਰਮਚਾਰੀਆਂ ਨੂੰ ਤੁਰੰਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ, ਜਿਸ ਨਾਲ ਕੈਨੇਡਾ ਵਿਚ ਪਹਿਲਾਂ ਕੰਮ ਦੇ ਤਜਰਬੇ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ। ਇਹ ਪਿਛਲੇ ਨਿਯਮਾਂ ਤੋਂ ਇਕ ਬਦਲਾਅ ਹੈ, ਜਿਸ ਵਿਚ ਕਾਮਿਆਂ ਨੂੰ ਯੋਗ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਹੋਣਾ ਜ਼ਰੂਰੀ ਸੀ ਤੇ ਤਜਰਬਾ ਹਾਸਲ ਕਰਨਾ ਜ਼ਰੂਰੀ ਸੀ।
ਨਵੀਨਤਮ ਪ੍ਰੋਗਰਾਮ ਤਹਿਤ ਦੇਖਭਾਲ ਕਰਨ ਵਾਲਿਆਂ ਲਈ ਲੋੜੀਂਦੇ ਸਕੋਰ ਬਹੁਤ ਹੀ ਬੁਨਿਆਦੀ ਹਨ। ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਲੋੜੀਂਦਾ ਪੱਧਰ ਸਿਰਫ਼ ਰੋਜ਼ਾਨਾ ਗੱਲਬਾਤ ਵਾਲੀ ਅੰਗਰੇਜ਼ੀ ਦੀ ਸਮਝ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ IELTS ਵਿਚ ਘੱਟੋ-ਘੱਟ ਸਕੋਰ ਜ਼ਰੂਰੀ ਹਨ।
ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਤਹਿਤ 2,750 ਹੋਮ ਕੇਅਰ ਵਰਕਰਾਂ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪਹਿਲਾ ਕਦਮ ਹੈ ਅਤੇ ਇਸ ਦੀ ਗਿਣਤੀ ਬਾਅਦ ਵਿਚ ਵਧਾਈ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ 17 ਜੂਨ 2024 ਨੂੰ ਪੁਰਾਣੇ ਪ੍ਰੋਗਰਾਮ ਦੇ ਬੰਦ ਹੋਣ ਤੋਂ ਬਾਅਦ ਸ਼ੁਰੂ ਹੋ ਰਿਹਾ ਹੈ, ਜਿਸਨੂੰ ਇਮੀਗ੍ਰੇਸ਼ਨ ਸਖ਼ਤੀਆਂ ਵਿਚਕਾਰ ਇੱਕ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਇਹ ਪ੍ਰੋਗਰਾਮ ‘ਨੈਨੀ’ ਦੇ ਨਾਂ ਨਾਲ ਪ੍ਰਚਲਿਤ ਹੈ, ਜਿਸ ਤਹਿਤ ਕੈਨੇਡਾ ਰਹਿੰਦੇ ਪਰਿਵਾਰ ਆਪਣੇ ਬੱਚਿਆਂ ਜਾਂ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਲਈ ਹੋਮ ਕੇਅਰ ਵਰਕਰ ਬੁਲਾ ਸਕਦੇ ਹਨ। ਇਮੀਗ੍ਰੇਸ਼ਨ ਮਾਹਰਾਂ ਅਨੁਸਾਰ, ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਲਈ ਨੈਨੀਆਂ ਦੀ ਮਦਦ ਲੈਂਦੇ ਹਨ, ਜਦਕਿ ਕਈ ਕੈਨੇਡੀਅਨ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਲਈ ਵੀ ਇਹ ਪ੍ਰੋਗਰਾਮ ਵਰਤਦੇ ਹਨ।
ਜੂਨ 2024 ਵਿੱਚ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਨਵੇਂ ਪਾਇਲਟ ਪ੍ਰੋਗਰਾਮ ਤਹਿਤ ਹੋਮ ਕੇਅਰ ਵਰਕਰਾਂ ਨੂੰ ਕੈਨੇਡਾ ਪਹੁੰਚਣ ‘ਤੇ ਹੀ ਪੀ.ਆਰ. ਦਿੱਤਾ ਜਾਵੇਗਾ। ਪੀ.ਆਰ. ਲਈ ਲਾਜ਼ਮੀ ਤਜਰਬਾ ਵੀ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਸੀ। ਕੈਨੇਡਾ ਵੱਲੋਂ ਪਹਿਲਾਂ ਵੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਹੋਮ ਸਪੋਰਟ ਵਰਕਰ ਪਾਇਲਟ, ਲਿਵ-ਇਨ ਕੇਅਰਗਿਵਰ ਪ੍ਰੋਗਰਾਮ ਅਤੇ ਕੇਅਰਿੰਗ ਫਾਰ ਚਿਲਡਰਨ ਵਰਗੇ ਪ੍ਰੋਗਰਾਮ ਚਲਾਏ ਗਏ ਹਨ। ਨਵੇਂ ਪਾਇਲਟ ਤਹਿਤ, ਉਮੀਦਵਾਰ ਕੋਲ ਤਜਰਬਾ ਹੋਣਾ, ਕੈਨੇਡੀਅਨ ਨਿਯੋਗਤਾ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਅਤੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਸੀ.ਐਲ.ਬੀ. 4 ਪੱਧਰ ਹੋਣਾ ਲਾਜ਼ਮੀ ਹੋਵੇਗਾ।