ਕੈਨੇਡਾ ਵਿਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੀ ਮੌਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਇਸੇ ਤਰ੍ਹਾਂ ਇਕ ਹੋਰ ਮੰਦਭਾਗੀ ਖਬਰ ਆਈ ਹੈ, ਜਿਥੇ ਕੈਨੇਡਾ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ
ਸੜਕ ਹਾਦਸੇ 'ਚ ਗਈ ਜਾਨ
ਦੱਸ ਦੇਈਏ ਕਿ ਉਕਤ ਨੌਜਵਾਨ ਦੀ ਪਛਾਣ ਦੀਦਾਰਜੀਤ ਸਿੰਘ ਪੁੱਤਰ ਹੀਰਾ ਸਿੰਘ ਹਲਕਾ ਰਾਜਾਸਾਂਸੀ ਵਜੋਂ ਹੋਈ ਹੈ, ਜੋ ਕਿ ਪਿੰਡ ਚਵਿੰਡਾ ਕਲਾਂ ਦਾ ਰਹਿਣ ਵਾਲਾ ਸੀ, ਜਿਸ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ।
2 ਸਾਲ ਪਹਿਲਾਂ ਹੀ ਗਿਆ ਸੀ ਕੈਨੇਡਾ
ਸੁਨਹਿਰੀ ਭਵਿੱਖ ਲਈ ਉਕਤ ਨੌਜਵਾਨ 2 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। ਇਸ ਬਾਰੇ ਮ੍ਰਿਤਕ ਨੌਜਵਾਨ ਦੇ ਪਿਤਾ ਹੀਰਾ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ।
ਕੰਮ 'ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
ਬੀਤੇ ਦਿਨੀਂ ਉਹ ਬਰੈਂਪਟਨ ਤੋਂ ਕਾਰ ਵਿਚ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ ਤੇ ਦੀਦਾਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ।