ਖਬਰਿਸਤਾਨ ਨੈੱਟਵਰਕ- ਅੱਜ 7 ਮਈ ਨੂੰ ਦੇਸ਼ ਭਰ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਹ ਮੌਕ ਡ੍ਰਿਲ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ। ਜਿਸ ਵਿੱਚ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ, ਪੰਜਾਬ ਵਰਗੇ ਰਾਜਾਂ ਦੇ ਕਈ ਜ਼ਿਲ੍ਹੇ ਆਉਂਦੇ ਹਨ। ਇਸ ਦੌਰਾਨ, ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਰਹਿਣਗੇ। ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ।
ਆਪ੍ਰੇਸ਼ਨ ਸਿੰਦੂਰ ਕਾਰਨ ਲਿਆ ਗਿਆ ਫੈਸਲਾ
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਜ਼ਿਲ੍ਹੇ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਇਸ ਦੌਰਾਨ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਅਗਲੇ ਤਿੰਨ ਦਿਨਾਂ ਲਈ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਆਪ੍ਰੇਸ਼ਨ ਸਿੰਦੂਰ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ, ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ 'ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ, ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 11 ਹਵਾਈ ਅੱਡਿਆਂ 'ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਹਵਾਈ ਅੱਡੇ ਹਨ- ਜੰਮੂ, ਸ੍ਰੀਨਗਰ, ਲੇਹ, ਚੰਡੀਗੜ੍ਹ, ਬੀਕਾਨੇਰ, ਜੋਧਪੁਰ, ਰਾਜਕੋਟ, ਧਰਮਸ਼ਾਲਾ, ਅੰਮ੍ਰਿਤਸਰ, ਭੁਜ ਅਤੇ ਜਾਮਨਗਰ।