ਬੰਗਲਾਦੇਸ਼ ਵਿੱਚ ਹਿੰਸਾ ਵਧਦੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ 'ਤੇ ਚੀਫ ਜਸਟਿਸ ਓਬੈਦੁਲ ਹਸਨ ਨੇ ਅਸਤੀਫਾ ਦੇ ਦਿੱਤਾ ਹੈ। ਸ਼ਨੀਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ਨੂੰ ਘੇਰ ਲਿਆ। ਜਿਸ ਤੋਂ ਬਾਅਦ ਭੀੜ ਨੇ ਚੀਫ਼ ਜਸਟਿਸ ਓਬੈਦੁਲ ਹਸਨ ਅਤੇ ਅਪੀਲੀ ਡਿਵੀਜ਼ਨ ਦੇ ਜੱਜਾਂ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਤੱਕ ਅਸਤੀਫ਼ਾ ਦੇਣ ਦਾ ਅਲਟੀਮੇਟਮ ਜਾਰੀ ਕੀਤਾ।
ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਜੱਜ ਅਸਤੀਫ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਹਸੀਨਾ ਵਾਂਗ ਕੁਰਸੀ ਤੋਂ ਲਾਹ ਲਿਆ ਜਾਵੇਗਾ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਸੁਪਰੀਮ ਕੋਰਟ ਦੇ ਜੱਜ ਦੀ ਹਸੀਨਾ ਨਾਲ ਮਿਲੀਭੁਗਤ ਹੈ। ਇਨ੍ਹਾਂ ਜੱਜਾਂ ਨੇ ਅੰਤਰਿਮ ਸਰਕਾਰ ਨੂੰ ਪੁੱਛੇ ਬਿਨ੍ਹਾਂ ਅੱਜ ਪੂਰੀ ਅਦਾਲਤ ਦੀ ਬੈਠਕ ਬੁਲਾਈ। ਇਸ ਮੀਟਿੰਗ ਕਾਰਨ ਪ੍ਰਦਰਸ਼ਨਕਾਰੀਆਂ ਨੇ ਇਕ ਘੰਟੇ ਵਿਚ ਹੀ ਜੱਜਾਂ ਦੇ ਅਸਤੀਫ਼ੇ ਦੀ ਮੰਗ ਕੀਤੀ।
ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੇ ਚੀਫ਼ ਜਸਟਿਸ ਨੇ ਸੁਪਰੀਮ ਕੋਰਟ ਦੇ ਵਕੀਲਾਂ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ । ਦਰਅਸਲ, ਇਹ ਮੀਟਿੰਗ ਇਸ ਗੱਲ ਦਾ ਫੈਸਲਾ ਕਰਨ ਲਈ ਬੁਲਾਈ ਗਈ ਸੀ ਕਿ ਅਦਾਲਤੀ ਕੰਮ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾ ਜਾਂ ਨਹੀਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਣਾਅ ਦੇ ਵਿਚਕਾਰ ਚੀਫ਼ ਜਸਟਿਸ ਨੇ ਜੱਜਾਂ ਦੀ ਬੈਠਕ ਮੁਲਤਵੀ ਕਰ ਦਿੱਤੀ।