ਵਪਾਰਕ ਗੈਸ ਸਿਲੰਡਰ ਤੋਂ ਬਾਅਦ ਹੁਣ ਹਵਾਈ ਸਫਰ ਵੀ ਮਹਿੰਗਾ ਹੋ ਗਿਆ ਹੈ। ਦੁਸਹਿਰੇ ਤੇ ਦੀਵਾਲੀ ਤੋਂ ਪਹਿਲਾਂ ਏਅਰਲਾਈਨ ਕੰਪਨੀਆਂ ਨੇ ਹਵਾਈ ਕਿਰਾਏ ਵਧਾ ਦਿੱਤੇ ਹਨ। ਕਈ ਘਰੇਲੂ ਰੂਟਾਂ 'ਤੇ ਟਿਕਟਾਂ ਦੀ ਕੀਮਤ 20,000 ਤੋਂ 30,000 ਰੁਪਏ ਨੂੰ ਪਾਰ ਕਰ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੈਸੇ ਖਰਚਣੇ ਪੈ ਸਕਦੇ ਹਨ। ਇਸ ਦੇ ਨਾਲ ਹੀ ਕੁਝ ਏਅਰਲਾਈਨ ਕੰਪਨੀਆਂ ਲੋਕਾਂ ਨੂੰ ਲੁਭਾਉਣ ਲਈ ਕਈ ਆਫਰ ਵੀ ਦੇ ਰਹੀਆਂ ਹਨ।
ਲੋਕਾਂ ਨੇ ਕਰਵਾਈ ਐਡਵਾਂਸ ਬੁਕਿੰਗ
ਇਸ ਸਾਲ ਦੁਸਹਿਰਾ 12 ਅਕਤੂਬਰ ਨੂੰ ਮਨਾਇਆ ਜਾਵੇਗਾ। ਦੀਵਾਲੀ ਦਾ ਤਿਉਹਾਰ 31 ਅਕਤੂਬਰ ਤੋਂ 2 ਨਵੰਬਰ ਦੇ ਵਿਚਕਾਰ ਹੈ। ਅਜਿਹੇ 'ਚ ਤਿਉਹਾਰਾਂ ਦੇ ਸੀਜ਼ਨ 'ਚ ਲੋਕ ਵੱਡੀ ਗਿਣਤੀ 'ਚ ਆਪਣੇ ਘਰਾਂ ਨੂੰ ਜਾਂਦੇ ਹਨ, ਜਿਸ ਦਾ ਅਸਰ ਹਵਾਈ ਕਿਰਾਏ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦੁਸਹਿਰੇ ਤੇ ਦੀਵਾਲੀ ਤੋਂ ਕਈ ਮਹੀਨੇ ਪਹਿਲਾਂ ਲੋਕ ਵੱਡੀ ਗਿਣਤੀ ਵਿਚ ਟਿਕਟਾਂ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਸਤੀਆਂ ਹਵਾਈ ਟਿਕਟਾਂ ਦੀ ਉਮੀਦ ਕਰਦੇ ਹਨ, ਪਰ ਕੰਪਨੀਆਂ ਦੁਆਰਾ ਛੋਟ ਦੀਆਂ ਪੇਸ਼ਕਸ਼ਾਂ ਦੇ ਬਾਵਜੂਦ, ਹਵਾਈ ਕਿਰਾਏ ਅਸਮਾਨ ਨੂੰ ਛੂਹ ਰਹੇ ਹਨ। ਫੈਸਟੀਵਲ ਸੀਜ਼ਨ ਦੌਰਾਨ ਫਲਾਈਟ ਦੀ ਐਡਵਾਂਸ ਬੁਕਿੰਗ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ।
ਇਨ੍ਹਾਂ ਰੂਟਾਂ 'ਤੇ ਟਿਕਟਾਂ ਹੋਈਆਂ ਮਹਿੰਗੀਆਂ
ਇਕ ਰਿਪੋਰਟ ਮੁਤਾਬਕ ਦੀਵਾਲੀ 2024 'ਚ ਹਵਾਈ ਕਿਰਾਏ 'ਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਇਆ ਹੈ। ਇਹ ਵਾਧਾ ਬੁਕਿੰਗ ਤੋਂ ਤਿੰਨ ਮਹੀਨੇ ਪਹਿਲਾਂ ਹੀ ਦੇਖਿਆ ਜਾ ਰਿਹਾ ਹੈ। ਕਈ ਪ੍ਰਸਿੱਧ ਘਰੇਲੂ ਰੂਟਾਂ 'ਤੇ ਇਕ ਪਾਸੇ ਦੇ ਕਿਰਾਏ 'ਚ ਭਾਰੀ ਵਾਧਾ ਹੋਇਆ ਹੈ। ਮੁੰਬਈ ਤੇ ਪਟਨਾ ਵਿਚ ਹਵਾਈ ਕਿਰਾਇਆ ਪਹਿਲਾਂ ਹੀ 20,000 ਰੁਪਏ ਨੂੰ ਪਾਰ ਕਰ ਚੁੱਕਾ ਹੈ। ਜਦਕਿ ਬੈਂਗਲੁਰੂ ਤੋਂ ਵਾਰਾਣਸੀ ਅਤੇ ਬੈਂਗਲੁਰੂ ਤੋਂ ਪਟਨਾ ਦਾ ਕਿਰਾਇਆ 24,000 ਤੋਂ 30,000 ਰੁਪਏ ਤੱਕ ਪਹੁੰਚ ਗਿਆ ਹੈ।