ਦੀਵਿਆਂ ਤੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਭਾਰਤ ਦੇਸ਼ ਵਿਚ ਬੜੇ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ‘ਦੀਵਾਲੀ’ ਜਾਂ ‘ਦੀਪਾਵਲੀ’ - ਅਰਥ ਹੈ ਦੀਵਿਆਂ ਦਾ ਤਿਉਹਾਰ। ਦੀਪ ਸੰਸਕ੍ਰਿਤ, ਦੀਪਕ ਹਿੰਦੀ, ਦੀਵਾ ਅਤੇ ਦੀਵਾਲੀ ਪੰਜਾਬੀ ਦੇ ਸ਼ਬਦ ਹਨ। ਇਨ੍ਹਾਂ ਦਿਨਾਂ ਵਿਚ ਗੁਰੂ ਘਰਾਂ ਤੋਂ ਸੁਣੇ ਜਾਣ ਵਾਲੇ ਭਾਈ ਗੁਰਦਾਸ ਜੀ ਦੇ ਇਹ ਪਾਵਨ ਬੋਲ:
‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ’ ਅਰਥ ਬਹੁਤ ਡੂੰਘੇ ਹਨ, ਪਰ ਇਹ ਬੋਲ ਸੁਣਦੇ ਸਾਰ ਹੀ ਸਾਡੀ ਸੁਰਤਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਜਾਂਦੀ ਹੈ। ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਪੰਜਾਬੀਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਦੀਵਾਲੀ ਸੰਬੰਧੀ ਬੜੀ ਪ੍ਰਸਿੱਧ ਹੈ, ਕਿਉਂਕਿ ਸਦੀਆਂ ਤੋਂ ਸਿੱਖ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਬੜੇ ਚਾਅ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ।
ਬੰਦੀ ਛੋੜ ਦਿਵਸ
ਇਤਿਹਾਸਕ ਸ੍ਰੋਤਾਂ ਅਨੁਸਾਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਕਿ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ, ਜਿਥੇ ਕਿ ਪਹਿਲਾਂ ਹੀ ਵੱਖ ਵੱਖ ਇਲਾਕਿਆਂ ਦੇ ਰਾਜੇ ਕੈਦ ਕੀਤੇ ਹੋਏ ਸਨ। ਇਹ ਉਹ ਕਿਲ੍ਹਾ ਸੀ ਜਿਥੋਂ ਕੋਈ ਜਿਉਂਦਾ ਬਾਹਰ ਨਹੀਂ ਸੀ ਆ ਸਕਦਾ। ਜਦੋਂ ਕਿਲ੍ਹੇ ਦੇ ਅੰਦਰ ਰਾਜਿਆਂ ਨੂੰ ਗੁਰੂ ਸਾਹਿਬ ਜੀ ਦੀ ਰਿਹਾਈ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਗੁਰੁੂ ਸਾਹਿਬ ਦੇ ਅੱਗੇ ਆਪਣੀ ਰਿਹਾਈ ਲਈ ਵੀ ਫਰਿਆਦ ਕੀਤੀ। ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਆਪਣੇ ਨਾਲ ਹੀ ਰਿਹਾਅ ਕਰਵਾ ਲਿਆ। ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਰਿਹਾਅ ਹੋਣ ਦੀ ਖੁਸ਼ੀ ਵਿਚ ਬਾਬਾ ਬੁੱਢਾ ਜੀ ਦੇ ਕਹਿਣ ‘ਤੇ ਸਾਰੀਆਂ ਸੰਗਤਾਂ ਨੇ ਦੀਪਮਾਲਾ ਕੀਤੀ ਭਾਵ ਦੀਵਾਲੀ ਮਨਾਈ। ਅੱਜ ਇਤਿਹਾਸ ਵਿਚ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਨਾਲ ਯਾਦ ਕੀਤਾ ਜਾਂਦਾ ਹੈ।
ਆਤਿਸ਼ਬਾਜ਼ੀ ਹੁੰਦੀ ਹੈ ਦੇਖਣਯੋਗ
ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਜਿਥੇ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ। ਸਿੱਖ ਖੁਸ਼ੀ ਖੁਸ਼ੀ ਦੀਵਾਲੀ ਵਾਲੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਦੀਪਮਾਲਾ ਕਰਦੇ ਹਨ। ਸਾਰਾ ਹਰਿਮੰਦਰ ਸਾਹਿਬ ਹੀ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾ ਜਾਂਦਾ ਹੈ। ਰਾਤ ਨੂੰ ਆਤਿਸ਼ਬਾਜ਼ੀ ਦੇਖਣਯੋਗ ਹੁੰਦੀ ਹੈ।