ਜਲੰਧਰ ਪੱਛਮੀ ਸੀਟ 'ਤੇ ਹੋਣ ਵਾਲੀ ਉਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਟਿਕਟ ਦਿੱਤੀ ਹੈ।
ਭਲਕੇ ਨਾਮਜ਼ਦਗੀ ਭਰਨ ਦਾ ਆਖਰੀ ਦਿਨ
ਬੀਬੀ ਸੁਰਜੀਤ ਕੌਰ ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਕਿਉਂਕਿ ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਵੀ ਆਖਰੀ ਦਿਨ ਹੈ। ਉਥੇ ਹੀ ਅੱਜ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਕੁਮਾਰ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਬਸਪਾ ਦੇ ਸੀਨੀਅਰ ਆਗੂ ਬਲਵਿੰਦਰ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਬਜੀਤ ਸਿੰਘ ਨੇ ਸਾਥੀ ਆਗੂਆਂ ਨਾਲ ਰਿਟਰਨਿੰਗ ਅਫ਼ਸਰ ਅਲਕਾ ਕਾਲੀਆ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਸੁਰਜੀਤ ਕੌਰ ਦਾ ਮੁਕਾਬਲਾ ਹੋਵੇਗਾ
ਜਲੰਧਰ ਪੱਛਮੀ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਅਕਾਲੀ ਦਲ ਦੀ ਸੁਰਜੀਤ ਕੌਰ ਦਾ ਮੁਕਾਬਲਾ ਭਾਜਪਾ ਦੇ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ, ਕਾਂਗਰਸ ਦੀ ਸੁਰਿੰਦਰ ਕੌਰ ਅਤੇ ਬਸਪਾ ਦੇ ਬਰਿੰਦਰ ਕੁਮਾਰ ਨਾਲ ਹੋਵੇਗਾ।
ਚੋਣਾਂ 10 ਜੁਲਾਈ ਨੂੰ
ਜਲੰਧਰ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਇਸ ਦੇ ਨਤੀਜੇ ਵੀ ਵੋਟਿੰਗ ਤੋਂ 2 ਦਿਨ ਬਾਅਦ ਭਾਵ 13 ਜੁਲਾਈ ਨੂੰ ਐਲਾਨੇ ਜਾਣਗੇ। ਇਹ ਉਪ ਚੋਣਾਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੋ ਰਹੀਆਂ ਹਨ। ਕਿਉਂਕਿ ਅੰਗੁਰਾਲ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ।
ਦੋ ਵਾਰ ਰਹਿ ਚੁੱਕੇ ਹਨ ਕੌਂਸਲਰ
ਦੱਸ ਦੇਈਏ ਕਿ ਬੀਬੀ ਸੁਰਜੀਤ ਕੌਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਕੌਂਸਲਰ ਰਿਹ ਚੁੱਕੇ ਹਨ। ਪਾਰਟੀ ਵੱਲੋਂ ਬਣਾਈ ਗਈ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਵਿੱਚ ਸ਼ਾਮਿਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਿਲ੍ਹਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਅਤੇ ਬੰਗਾ ਹਲਕੇ ਤੋਂ ਵਿਧਾਇਕ ਡਾ: ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਟਕਸਾਲੀ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਜੱਥੇਦਾਰ ਪ੍ਰੀਤਮ ਸਿੰਘ ਦੀ ਧਰਮਪਤਨੀ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਇੰਨ੍ਹਾਂ ਅਕਾਲੀ ਆਗੂਆਂ ਨੇ ਦੱਸਿਆ ਕਿ ਬੀਬੀ ਸੁਰਜੀਤ ਕੌਰ ਦੋ ਵਾਰ ਅਤੇ ਜੱਥੇਦਾਰ ਪ੍ਰੀਤਮ ਸਿੰਘ ਇੱਕ ਨਗਰ ਨਿਗਮ ਜਲੰਧਰ ਦੇ ਕੌਂਸਲਰ ਰਹੇ ਹਨ। ਸਕਰੀਨਿੰਗ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰ ਦੀ ਚੋਣ ਕਰਨ ਵਾਸਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ। ਕਮੇਟੀ ਨੇ ਵੱਖ-ਵੱਖ ਅਕਾਲੀ ਸੋਚ ਵਾਲੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਕਾਲੀ ਪਿਛਕੋੜ ਵਾਲੇ ਆਗੂ ਜੱਥੇਦਾਰ ਪ੍ਰੀਤਮ ਸਿੰਘ ਦੀ ਧਰਮਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।