ਜਲੰਧਰ 'ਚ ਨਾਮਜ਼ਦਗੀਆਂ ਭਰਨ ਦੌਰਾਨ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਆਪਸ 'ਚ ਭਿੜ ਗਏ। ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਲੋਕਾਂ ਦੇ ਦਖਲ ਤੋਂ ਬਾਅਦ ਦੋਵਾਂ ਸਮਰਥਕਾਂ ਨੂੰ ਹਟਾਇਆ ਗਿਆ। ਦਰਅਸਲ ਅਕਾਲੀ ਦਲ ਦੇ ਸਮਰਥਕ ਨੇ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਚੋਰ ਹਨ, ਸਾਡੀ ਪਾਰਟੀ ਪੰਥਕ ਹੈ। ਇਸ ਨੂੰ ਲੈ ਕੇ ਕਾਂਗਰਸੀ ਸਮਰਥਕ ਗੁੱਸੇ 'ਚ ਆ ਗਏ।
ਆਪਣੇ ਆਪ ਨੂੰ ਪੰਥਕ ਦੱਸਣ ਉਤੇ ਅਕਾਲੀਆਂ ਉਤੇ ਭੜਕਿਆ ਕਾਂਗਰਸੀ ਸਮਰਥਕ
ਕਾਂਗਰਸੀ ਸਮਰਥਕ ਗੁਰਸ਼ਿੰਦਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਆਪਣੇ ਆਪ ਨੂੰ ਪੰਥਕ ਪਾਰਟੀ ਦੱਸ ਰਹੇ ਹਨ। ਦੱਸੋ ਇਹ ਪੰਥਕ ਪਾਰਟੀ ਹੈ, ਇਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕੋਲ ਉਮੀਦਵਾਰ ਨਹੀਂ ਹਨ, ਉਹ ਕੀ ਸਾਬਤ ਕਰਨਾ ਚਾਹੁੰਦੇ ਹਨ? ਉਹ ਪੰਥ ਦੀ ਗੱਲ ਕਰਦੇ ਹਨ, ਸਭ ਜਾਣਦੇ ਹਨ ਕਿ ਉਹ ਕੀ ਕਰਦੇ ਹਨ।
ਅਕਾਲੀ ਦਲ 'ਤੇ ਲਗਾਏ ਗੰਭੀਰ ਦੋਸ਼
ਗੁਰਸ਼ਿੰਦਰ ਨੇ ਅੱਗੇ ਕਿਹਾ ਕਿ ਜਦੋਂ ਮੈਂ ਸਵਾਲ ਕੀਤਾ ਕਿ ਕੀ ਤੁਸੀਂ ਪੰਥਕ ਹੋ, ਤੁਸੀਂ ਗੋਲਕ ਦਾ ਪੈਸਾ ਖਾ ਗਏ, ਦੇਗ ਦਾ ਪੈਸਾ ਖਾ ਲਿਆ, ਤੁਸੀਂ ਲੋਕਾਂ ਦਾ ਖੂਨ ਪੀ ਲਿਆ। ਇਹ ਸਾਰੇ ਚਿੱਟੇ ਦੇ ਵਪਾਰੀ ਹਨ। ਪੰਜਾਬ ਵਿਚ ਚਿੱਟਾ ਕਿਸ ਨੇ ਲਿਆਂਦਾ, ਪੰਜਾਬ ਚ ਹਰ ਰੋਜ਼ 7-8 ਨੌਜਵਾਨ ਚਿੱਟੇ ਕਾਰਨ ਮਰਦੇ ਹਨ।
ਲੋਕਾਂ ਦੇ ਦਖਲ ਨਾਲ ਮਾਮਲਾ ਸ਼ਾਂਤ ਹੋਇਆ
ਕਾਂਗਰਸੀ ਸਮਰਥਕ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਸਮਰਥਕ ਵੀ ਭਿੜਨ ਲਈ ਆ ਗਏ। ਅਕਾਲੀ ਸਮਰਥਕ ਨੇ ਕਿਹਾ ਕਿ ਅਸੀਂ ਸਭ ਕੁਝ ਦੱਸਾਂਗੇ। ਲੋਕਾਂ ਨੇ ਦਖਲ ਦੇ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ।