ਖਬਰਿਸਤਾਨ ਨੈੱਟਵਰਕ-ਦਿੱਲੀ ਹਵਾਈ ਅੱਡੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਜਹਾਜ਼ ਦੇ ਪਹੀਏ ਵਿਚ ਲੁਕ ਕੇ ਇਕ ਬੱਚਾ ਭਾਰਤ ਪੁੱਜ ਗਿਆ। ਮੀਡੀਆ ਰਿਪੋਰਟ ਮੁਤਾਬਕ ਕਾਬੁਲ ਤੋਂ ਦਿੱਲੀ ਆਈ ਕਾਮ ਏਅਰ (KAM Air) ਦੀ ਉਡਾਣ ਵਿੱਚ ਤਕਰੀਬਨ 13 ਸਾਲ ਦਾ ਇਕ ਅਫ਼ਗਾਨੀ ਬੱਚਾ ਜਹਾਜ਼ ਦੇ ਲੈਂਡਿੰਗ-ਗਿਅਰ (ਪਹੀਏ ਵਾਲੇ ਖਾਨੇ) ਵਿੱਚ ਲੁਕ ਕੇ ਦਿੱਲੀ ਪਹੁੰਚ ਗਿਆ।
ਜਾਣਕਾਰੀ ਮੁਤਾਬਕ, ਇਹ ਉਡਾਣ ਲਗਭਗ 94 ਮਿੰਟ ਦੀ ਸੀ। ਇਸ ਦੌਰਾਨ ਜਹਾਜ਼ ਉੱਚਾਈ ’ਤੇ ਸੀ, ਜਿੱਥੇ ਤਾਪਮਾਨ ਜ਼ੀਰੋ ਤੋਂ ਕਾਫ਼ੀ ਹੇਠਾਂ ਹੁੰਦਾ ਹੈ ਅਤੇ ਆਕਸੀਜਨ ਦੀ ਵੀ ਘਾਟ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚਾ ਬਚ ਗਿਆ ਅਤੇ ਜਹਾਜ਼ ਤੋਂ ਬਾਹਰ ਨਿਕਲਦਿਆਂ ਫੜਿਆ ਗਿਆ।
ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ ਅਸਲ ਵਿੱਚ ਇਰਾਨ ਜਾਣਾ ਚਾਹੁੰਦਾ ਸੀ ਪਰ ਗਲਤੀ ਨਾਲ ਦਿੱਲੀ ਆਉਣ ਵਾਲੇ ਜਹਾਜ਼ ਦੇ ਪਹੀਏ ਵਿੱਚ ਵੜ ਗਿਆ। ਸੁਰੱਖਿਆ ਏਜੰਸੀਆਂ ਨੇ ਉਸ ਨੂੰ ਕਾਬੂ ਕਰਕੇ ਏਅਰਪੋਰਟ ਅਥਾਰਟੀ ਦੇ ਹਵਾਲੇ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ।
ਇਹ ਘਟਨਾ ਨਾ ਸਿਰਫ਼ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜੇ ਕਰਦੀ ਹੈ, ਸਗੋਂ ਇਹ ਵੀ ਯਾਦ ਦਿਵਾਉਂਦੀ ਹੈ ਕਿ ਜਹਾਜ਼ ਦੇ ਪਹੀਏ ਵਾਲੇ ਖਾਨੇ ਵਿੱਚ ਲੁਕ ਕੇ ਯਾਤਰਾ ਕਰਨਾ ਜਾਨਲੇਵਾ ਹੋ ਸਕਦਾ ਹੈ। ਅਕਸਰ ਅਜਿਹੇ ਮਾਮਲਿਆਂ ਵਿੱਚ ਜਾਨ ਬਚਣਾ ਮੁਸ਼ਕਲ ਹੁੰਦਾ ਹੈ।