ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੁਏਂਸਰ ਅਰਚਨਾ ਮਕਵਾਨਾ ਨੇ ਆਪਣੀ ਆਈ ਡੀ ਤੋਂ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਗੁਲਾਬੀ ਸਲਵਾਰ-ਕਮੀਜ਼ ਪਹਿਨ ਕੇ ਦਰਬਾਰ ਸਾਹਿਬ ਵਿੱਚ ਖੜ੍ਹੀ ਹੈ। ਤਸਵੀਰਾਂ ਦੇ ਨਾਲ ਉਸ ਨੇ ਲਿਖਿਆ ਹੈ ਕਿ ਉਹ ਰੱਬ ਦੀਆਂ ਅਸੀਸਾਂ ਲਈ ਹਮੇਸ਼ਾ ਸ਼ੁਕਰਗੁਜ਼ਾਰ ਹੈ। ਉਸ ਨੇ ਲਿਖਿਆ ਕਿ ਮੈਂ ਕੁਝ ਤਸਵੀਰਾਂ ਸ਼ੇਅਰ ਨਹੀਂ ਕਰਨਾ ਚਾਹੁੰਦੀ ਸੀ ਪਰ ਮੇਰੇ ਇਰਾਦਿਆਂ 'ਤੇ ਸਵਾਲ ਉਠਾਏ ਜਾ ਰਹੇ ਹਨ, ਇਸ ਲਈ ਮੈਂ ਇਹ ਤਸਵੀਰਾਂ ਪੋਸਟ ਕੀਤੀਆਂ ਹਨ।
ਉਸ ਨੇ ਆਪਣੀ ਫੋਟੋਆਂ ਅਪਲੋਡ ਕਰਦਿਆਂ ਇਹ ਵੀ ਦੱਸਿਆ ਕਿ ਇਹ ਫੋਟੋ 20 ਜੂਨ 2024 ਦੀ ਹੈ, ਜਦੋਂ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਇਸ ਦੇ ਨਾਲ ਹੀ ਉਹ ਬਾਲਟੀ ਵਿੱਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ। ਉਸ ਨੇ ਗੁਰੂ ਘਰ ਦੇ ਪ੍ਰਸ਼ਾਦ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ 20 ਜੂਨ ਨੂੰ ਸਵੇਰੇ 8.19 ਵਜੇ ਕੜਾਹ ਪ੍ਰਸ਼ਾਦ ਛਕਿਆ। ਇਸ ਤੋਂ ਇਲਾਵਾ ਉਸ ਨੇ ਅਕਾਲ ਤਖਤ ਸਾਹਿਬ ਦੀਆਂ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਯੋਗ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕੀਤਾ ਸੀ
ਸੋਸ਼ਲ ਮੀਡੀਆ ਇਨਫਲੁਏਂਸਰ ਅਰਚਨਾ ਮਕਵਾਨਾ ਨੇ 21 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕੀਤਾ। ਜਿਵੇਂ ਹੀ ਉਸ ਦੀ ਇਹ ਫੋਟੋ ਸਾਹਮਣੇ ਆਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਵਿਰੋਧ ਕੀਤਾ। ਮਾਮਲਾ ਵਧਦਾ ਦੇਖ ਅਰਚਨਾ ਨੇ ਮੁਆਫੀ ਵੀ ਮੰਗ ਲਈ ਸੀ।