ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਬਲਾਤਕਾਰ ਮਾਮਲੇ 'ਚ ਸੰਤ ਆਸਾਰਾਮ ਬਾਪੂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਇਹ ਰਾਹਤ 2013 ਦੇ ਬਲਾਤਕਾਰ ਮਾਮਲੇ ਨਾਲ ਸਬੰਧਤ ਮਿਲੀ ਹੈ। ਆਸਾਰਾਮ ਨੂੰ ਮੈਡੀਕਲ ਆਧਾਰ 'ਤੇ 31 ਮਾਰਚ ਤੱਕ ਅੰਤਰਿਮ ਜ਼ਮਾਨਤ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਸਾਰਾਮ ਨੂੰ ਜੋਧਪੁਰ ਹਾਈ ਕੋਰਟ ਤੋਂ 7 ਦਿਨਾਂ ਦੀ ਪੈਰੋਲ ਮਿਲੀ ਸੀ। ਆਸਾਰਾਮ ਨੂੰ ਪੁਣੇ ਦੇ ਮਾਧੋਬਾਗ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਲਈ ਪੈਰੋਲ ਦਿੱਤੀ ਗਈ ਸੀ।
ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਆਸਾਰਾਮ ਨੂੰ ਜ਼ਮਾਨਤ ਦਿੰਦੇ ਹੋਏ ਕੁਝ ਸ਼ਰਤਾਂ ਵੀ ਲਗਾਈਆਂ ਹਨ। ਇਸ ਵਿੱਚ ਇੱਕ ਸ਼ਰਤ ਇਹ ਵੀ ਹੈ ਕਿ ਉਹ ਆਪਣੇ ਪੈਰੋਕਾਰਾਂ ਨੂੰ ਨਹੀਂ ਮਿਲ ਸਕਦਾ। ਆਸਾਰਾਮ 2013 ਦੇ ਬਲਾਤਕਾਰ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
2018 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ
ਜੋਧਪੁਰ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ 25 ਅਪ੍ਰੈਲ 2018 ਨੂੰ ਆਸਾਰਾਮ ਨੂੰ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ 2 ਸਤੰਬਰ 2013 ਤੋਂ ਜੇਲ੍ਹ ਵਿੱਚ ਹੈ। ਦੋ ਸਾਲ ਪਹਿਲਾਂ, ਗੁਜਰਾਤ ਦੀ ਇੱਕ ਅਦਾਲਤ ਨੇ ਆਸਾਰਾਮ ਨੂੰ 2013 ਵਿੱਚ ਸੂਰਤ ਦੇ ਆਸ਼ਰਮ ਵਿੱਚ ਇੱਕ ਮਹਿਲਾ ਅਨੁਯਾਈ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ।