ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਟੈਗੋਰ ਥੀਏਟਰ ਵਿੱਚ ਬਹਿਸ ਲਈ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਥੀਏਟਰ ਕਲਾਕਾਰ ਨਹੀਂ ਹਨ ਜੋ ਥੀਏਟਰ ਆਉਣਗੇ। ਇਸ ਲਈ ਉਹ 1 ਨਵੰਬਰ ਨੂੰ ਟੈਗੋਰ ਥੀਏਟਰ ਵਿੱਚ ਹੋਣ ਵਾਲੀ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ।
ਅਸੀਂ ਡਰਾਮੇ ਤੋਂ ਭੱਜਦੇ ਹਾਂ, ਬਹਿਸ ਤੋਂ ਨਹੀਂ
ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਸਰਕਾਰ ਸਾਨੂੰ ਇੱਕ ਗੱਲ ਦੱਸੇ ਕਿ ਕਿਸ ਮੁੱਦੇ 'ਤੇ ਖੁੱਲ੍ਹੀ ਬਹਿਸ ਹੋ ਰਹੀ ਹੈ। ਜੇਕਰ ਉਨ੍ਹਾਂ ਨੇ ਬਹਿਸ ਕਰਨੀ ਹੈ ਤਾਂ ਉਹ ਅਬੋਹਰ ਆਉਣ, ਜਿੱਥੇ ਜਾ ਰਹੇ ਪਾਣੀ ਦਾ ਅਸਰ ਹੋਵੇਗਾ। ਅਸੀਂ ਬਹਿਸ ਤੋਂ ਨਹੀਂ ਭੱਜਦੇ ਸਗੋਂ ਡਰਾਮੇਬਾਜ਼ੀਆਂ ਤੋਂ ਭੱਜਦੇ ਹਾਂ ਅਤੇ ਤੱਥਾਂ ਦੀ ਗੱਲ ਕਰਦੇ ਹਾਂ।
ਸੀ ਐਮ ਨੂੰ ਅਬੋਹਰ ਆ ਕੇ ਬਹਿਸ ਕਰਨੀ ਚਾਹੀਦੀ
ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਬਿਆਨ ਦੇਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਦਾ ਖ਼ਿਆਲ ਰੱਖਣ, ਉਹ ਸੱਤਾ ਦੇ ਨਸ਼ੇ ਵਿਚ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ।। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਬੋਹਰ ਆ ਕੇ ਬਹਿਸ ਕਰਨੀ ਚਾਹੀਦੀ ਹੈ।
CM ਭਗਵੰਤ ਮਾਨ ਨੇ 1 ਨਵੰਬਰ ਨੂੰ ਬਹਿਸ ਦੀ ਦਿੱਤੀ ਹੈ ਚੁਣੌਤੀ
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ, ਜਿਸ ਨੂੰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰਵਾਨ ਕੀਤਾ। ਭਗਵੰਤ ਮਾਨ ਨੇ ਟੈਗੋਰ ਥੀਏਟਰ ਵਿੱਚ 1 ਨਵੰਬਰ ਨੂੰ ਬਹਿਸ ਕਰਨ ਲਈ ਕਿਹਾ ਹੈ।