ਜਲੰਧਰ 'ਚ ਭਾਜਪਾ ਆਗੂ ਪ੍ਰਦੀਪ ਖੁੱਲਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ 10 ਹੋਰ ਆਗੂਆਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਪ੍ਰਦੀਪ ਖੁੱਲਰ ਦੀ ਪੱਛਮੀ ਹਲਕੇ 'ਚ ਮਜ਼ਬੂਤ ਪਕੜ
ਜਲੰਧਰ ਪੱਛਮੀ ਹਲਕੇ ਵਿੱਚ ਪ੍ਰਦੀਪ ਖੁੱਲਰ ਦੀ ਕਾਫੀ ਮਜ਼ਬੂਤ ਪਕੜ ਹੈ। ਉਨ੍ਹਾਂ ਦੇ ਪਾਰਟੀ ਛੱਡਣ ਨਾਲ ਭਾਜਪਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਪਾਰਟੀ ਤੋਂ ਨਾਰਾਜ਼ ਹੋ ਕੇ ਉਨ੍ਹਾਂ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਪਰ ਉਨ੍ਹਾਂ ਦੇ ਅਚਾਨਕ ਪਾਰਟੀ ਛੱਡਣ ਨਾਲ ਜਲੰਧਰ ਦੀ ਸਿਆਸਤ ਦੇ ਸਮੀਕਰਨ ਬਦਲ ਸਕਦੇ ਹਨ।
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਹਨ ਕਰੀਬੀ
ਪ੍ਰਦੀਪ ਖੁੱਲਰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਟਿਕਟ ਨਾ ਮਿਲਣ ਕਾਰਨ ਵਿਜੇ ਸਾਂਪਲਾ ਵੀ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਸਨ ਪਰ ਪਾਰਟੀ ਹਾਈਕਮਾਂਡ ਦੇ ਆਗੂਆਂ ਨੇ ਹੁਸ਼ਿਆਰਪੁਰ ਸਥਿਤ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾ ਲਿਆ।
ਇਹ ਆਗੂ ਵੀ ਹੋਏ ‘ਆਪ’ 'ਚ ਸ਼ਾਮਲ
ਇਸ ਦੇ ਨਾਲ ਹੀ ਨੀਰਜਾ ਜੈਨ, ਅਨਮੋਲ ਗਰੋਵਰ, ਕੁਲਦੀਪ ਦੀਪੂ, ਅਜੈ ਬੱਬਲ, ਤਰਸੇਮ ਥਾਪਾ, ਸੁਭਾਸ਼ ਗੋਰੀਆ, ਹਰਸ਼ ਡਾਲੀਆ, ਵਿਕਾਸ ਸ਼ਾਹੀ, ਰਾਹੁਲ ਬਾਜਵਾ ਅਤੇ ਸੰਨੀ ਬੱਤਰਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।