ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਨੂੰ ਭਾਜਪਾ ਲਈ ਵੀ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਰਗਰਮ ਸਨ।
ਜ਼ਿਕਰਯੋਗ ਹੈ ਕਿ ਸਵਰਨ ਸਲਾਰੀਆ ਭਾਜਪਾ ਵਲੋਂ ਗੁਰਦਾਸਪੁਰ ਲੋਕ ਸਭਾ ਚੋਣਾਂ ਲੜ ਚੁੱਕੇ ਹਨ। ਉਹ ਭਾਜਪਾ ਪੰਜਾਬ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਸਥਾਈ ਮੈਂਬਰ ਹਨ। ਸਵਰਨ ਸਲਾਰੀਆ ਸੁਤੰਤਰਤਾ ਸੈਨਾਨੀ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ।
2017 ਵਿੱਚ ਜਾਖੜ ਤੋਂ ਉਪ ਚੋਣ ਹਾਰ ਗਏ ਸਨ
ਸਵਰਨ ਸਲਾਰੀਆ ਨੇ 2017 'ਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਲੋਕ ਸਭਾ ਚੋਣ ਲੜੀ ਸੀ ਪਰ ਇਸ ਚੋਣ 'ਚ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਸੀ। ਸੁਨੀਲ ਜਾਖੜ ਉਸ ਸਮੇਂ ਕਾਂਗਰਸੀ ਆਗੂ ਸਨ। ਇਸ ਦੇ ਨਾਲ ਹੀ ਸਲਾਰੀਆ ਇਸ ਵਾਰ ਟਿਕਟ ਨਾ ਮਿਲਣ 'ਤੇ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਇਲਾਕੇ ਵਿੱਚ ਸਰਗਰਮ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ 2.50 ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ।