ਚੋਣਾਂ ਤੋਂ ਇਕ ਦਿਨ ਬਾਅਦ ਬੀ ਐਸ ਐਫ ਨੇ ਕਾਰਵਾਈ ਕਰਦਿਆਂ ਇਕ ਤਸਕਰ ਦੇ ਘਰ ਛਾਪਾ ਮਾਰ ਕੇ 1 ਕਰੋੜ 97 ਲੱਖ ਰੁਪਏ ਬਰਾਮਦ ਕੀਤੇ ਹਨ। ਬੀਐਸਐਫ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪੰਜਾਬ ਪੁਲਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਨੇ ਤਸਕਰ ਦੇ ਘਰੋਂ ਤਿੰਨ ਬੈਗ ਬਰਾਮਦ ਕੀਤੇ, ਜਿਸ ਵਿੱਚ ਇਹ ਸਾਰੀ ਨਕਦੀ ਰੱਖੀ ਹੋਈ ਸੀ। ਪੁਲਸ ਨੇ ਇਸ ਦੌਰਾਨ ਦੋ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ।
ਕੱਕੜ ਪਿੰਡ ਵਿੱਚ ਛਾਪੇਮਾਰੀ
ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕੱਕੜ ਪਿੰਡ ਵਿੱਚ ਬੀਐਸਐਫ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਸ਼ੱਕੀ ਤਸਕਰ ਬਾਰੇ ਸੂਹ ਮਿਲੀ ਸੀ। ਸੂਚਨਾ ਮਿਲੀ ਸੀ ਕਿ ਮੁਲਜ਼ਮ ਤਸਕਰ ਨੇ ਨਸ਼ੇ ਦੀ ਵੱਡੀ ਮਾਤਰਾ ਘਰ ਵਿੱਚ ਲੁਕਾ ਕੇ ਰੱਖੀ ਹੋਈ ਸੀ। ਜਿਸ ਤੋਂ ਬਾਅਦ ਬੀਐਸਐਫ ਨੇ ਪੁਲਸ ਨਾਲ ਮਿਲ ਕੇ ਤਸਕਰ ਦੇ ਘਰ 'ਤੇ ਸਵੇਰੇ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਤਿੰਨ ਬੈਗਾਂ ਵਿੱਚੋਂ ਮਿਲੇ ਰੁਪਏ
ਜਾਂਚ ਦੌਰਾਨ ਬੀਐਸਐਫ ਨੇ ਘਰ ਦੇ ਵੱਖ-ਵੱਖ ਕੋਨਿਆਂ ਵਿੱਚ ਰੱਖੇ ਤਿੰਨ ਬੈਗ ਬਰਾਮਦ ਕੀਤੇ, ਜਿਨ੍ਹਾਂ ਵਿੱਚ ਇਹ ਸਾਰਾ ਪੈਸਾ ਲੁਕਾ ਕੇ ਰੱਖਿਆ ਹੋਇਆ ਸੀ। ਫਿਲਹਾਲ ਦੋ ਸਮੱਗਲਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।