ਆਯੁੱਧਿਆ ਦੇ ਰਾਮ ਮੰਦਰ ਪ੍ਰਤੀ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਇਕ ਕਾਰੀਗਰ ਨੇ ਸੋਨੇ ਦੀ ਮੁੰਦਰੀ 'ਤੇ ਰਾਮ ਮੰਦਰ ਦੀ ਮੂਰਤੀ ਨੂੰ ਤਰਾਸ਼ ਦਿੱਤਾ। ਦੇਖਣ ਵਿਚ ਸੋਨੇ ਦੀ ਮੁੰਦਰੀ 'ਤੇ ਕੀਤੀ ਗਈ ਕਲਾਕਾਰੀ ਦਿਲ ਨੂੰ ਟੁੰਬਣ ਵਾਲੀ ਹੈ।
ਦੱਸ ਦੇਈਏ ਕਿ ਇਸ ਮੁੰਦਰੀ ਨੂੰ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਰਹਿਣ ਵਾਲੇ ਕਲਾਕਾਰ ਸਈਅਦ ਰਮਜ਼ਾਨ ਉੱਦੀਨ ਨੇ ਬਣਾਇਆ ਹੈ, ਜਿਸ 'ਤੇ ਸ਼੍ਰੀ ਰਾਮ ਮੰਦਰ ਦੀ ਮੂਰਤੀ ਤਰਾਸ਼ੀ ਗਈ ਹੈ। ਇਹ ਮੁੰਦਰੀ ਅੰਮ੍ਰਿਤਸਰ 'ਚ ਰਣਜੀਤ ਐਵੀਨਿਊ ਨੇੜੇ ਸਥਿਤ ਕਚਹਿਰੀ ਚੌਕ 'ਤੇ ਚਮਨ ਰੈਸਟੋਰੈਂਟ ਦੇ ਮਾਲਕ ਰਾਮਭਗਤ ਦੀਪਕ ਕੁਮਾਰ ਨੇ ਬਣਵਾਈ ਹੈ।
ਮੁੰਦਰੀ 'ਤੇ ਪ੍ਰਾਣ ਪ੍ਰਤਿਸ਼ਠਾ ਦੀ ਤਰੀਕ
ਇਸ ਮੁੰਦਰੀ ਦੀ ਕੀਮਤ ਇਕ ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। 20 ਗ੍ਰਾਮ ਸੋਨੇ ਦੀ ਮੁੰਦਰੀ 'ਤੇ ਸ਼੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਤਰੀਕ 22.1.2024 ਵੀ ਉੱਕਰੀ ਹੈ। ਜ਼ਿਕਰਯੋਗ ਹੈ ਕਿ ਕਾਰੀਗਰ ਰਮਜ਼ਾਨ ਨੇ ਮੁੰਦਰੀ ਉਤੇ ਬਣਾਈ ਮੂਰਤ ਲਈ ਕੋਈ ਪੈਸਾ ਨਹੀਂ ਲਿਆ, ਜੋ ਕਿ ਕਰੀਬ ਛੇ-ਸੱਤ ਹਜ਼ਾਰ ਰੁਪਏ ਬਣਦਾ ਹੈ।
ਛੇ ਕਾਰੀਗਰਾਂ ਨੇ ਤਿਆਰ ਕੀਤੀ ਮੁੰਦਰੀ
ਕਾਰੀਗਰ ਰਮਜ਼ਾਨ ਨੇ ਦੱਸਿਆ ਕਿ ਉਸ ਨੇ ਇਸ ਮੁੰਦਰੀ ਨੂੰ ਕੰਪਿਊਟਰ ਗ੍ਰਾਫਿਕਸ ਨਾਲ ਡਿਜ਼ਾਈਨ ਕੀਤਾ। ਇਸ ਨੂੰ ਮੋਮ ਦੇ ਸਾਂਚੇ 'ਚ ਢਾਲਣ ਤੋਂ ਬਾਅਦ ਛੇ ਕਾਰੀਗਰਾਂ ਨੇ ਇਕ ਹਫ਼ਤੇ 'ਚ ਇਸ ਨੂੰ ਤਿਆਰ ਕੀਤਾ।