ਜਲੰਧਰ : ਪਿੰਡ ਹਰਦੋਫਰਾਲਾ ਦੇ ਵਸਨੀਕ ਸੋਹਣ ਸਿੰਘ ਅਤੇ ਮਨਜੀਤ ਕੌਰ ਨੇ ਥਾਣਾ ਸਦਰ ਦੀ ਪੁਲਿਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਉਲਟਾ ਉਨ੍ਹਾਂ 'ਤੇ ਕੁੱਟਮਾਰ ਕਰਕੇ ਮੋਬਾਈਲ ਖੋਹ ਲੈਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਸੀ
ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਸਪਾ ਹਲਕਾ ਇੰਚਾਰਜ ਸੁਖਵਿੰਦਰ ਬਿੱਟੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਛਾਉਣੀ ਨੇੜੇ ਪਿੰਡ ਹਰਦੋਫਰਾਲਾ ਦੇ ਲਖਵਿੰਦਰ ਸਿੰਘ ਨੇ ਪਿੰਡ ਦੀਆਂ ਦੋ ਧੀਆਂ ਦੀਆਂ ਫੋਟੋਆਂ ਸੋਸ਼ਲ ਮੀਡਿਆ ਤੋਂ ਚੁੱਕ ਕੇ ਆਪਣੇ ਨਾਲ ਜੋੜ ਕੇ ਵਾਇਰਲ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਖਵਿੰਦਰ ਸਿੰਘ ਖਿਲਾਫ 7 ਅਕਤੂਬਰ ਨੂੰ ਸਦਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਪਰ ਇਸ ਦੇ ਬਾਵਜੂਦ ਐਸਐਚਓ ਭਰਤ ਮਸੀਹ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਲਟਾ ਲੜਕੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ
ਸੁਖਵਿੰਦਰ ਬਿੱਟੂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਲਖਵਿੰਦਰ ਦੇ ਪਿਤਾ ਨਾਲ ਵੀ ਸੰਪਰਕ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪਾਈ ਗਈ ਫੋਟੋ ਨੂੰ ਡਿਲੀਟ ਕਰਨ ਦੀ ਮੰਗ ਕੀਤੀ ਪਰ ਲੜਕੇ ਦੇ ਪਿਤਾ ਨੇ ਆਪਣੇ ਲੜਕੇ ਨੂੰ ਮੌਕੇ ਤੋਂ ਭਜਾ ਦਿੱਤਾ। ਹੁਣ ਪੁਲਿਸ ਲੜਕੇ ਨੂੰ ਨਾ ਫੜਦਿਆਂ ਉਨ੍ਹਾਂ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਬਸਪਾ ਹਲਕਾ ਇੰਚਾਰਜ ਸੁਖਵਿੰਦਰ ਬਿੱਟੂ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।