ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਅੱਜ ਨਿਸ਼ਾਨ ਸਾਹਿਬ ਦੇ ਪੋਸ਼ਾਕਾ ਸਾਹਿਬ ਬਦਲੇ ਗਏ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨਿਸ਼ਾਨ ਸਾਹਿਬ ਦੇ ਪੋਸ਼ਾਕਾ ਸਾਹਿਬ ਦਾ ਰੰਗ ਬਦਲ ਕੇ ਬਸੰਤੀ (ਪੀਲਾ) ਅਤੇ ਸੁਰਮਈ (ਨੀਲਾ) ਕਰਨ ਦਾ ਹੁਕਮ ਦਿੱਤਾ ਸੀ। ਹੁਕਮਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਦਾ ਭਗਵਾਂ ਰੰਗ ਬਦਲ ਕੇ ਬਸੰਤੀ ਜਾਂ ਸੁਰਮਈ ਕਰ ਦਿੱਤਾ ਗਿਆ ਹੈ।
ਨਿਸ਼ਾਨ ਸਾਹਿਬ ਉਤੇ ਬਸੰਤੀ ਰੰਗ ਦੇ ਪੋਸ਼ਾਕਾ ਸਾਹਿਬ ਚੜ੍ਹਾਏ ਗਏ
ਹਰਿਮੰਦਰ ਸਾਹਿਬ ਵਿਖੇ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮੀਰੀ-ਪੀਰੀ ਨੂੰ ਸਮਰਪਿਤ ਨਿਸ਼ਾਨ ਸਾਹਿਬ ਉਤੇ ਬਸੰਤੀ ਰੰਗ ਦੇ ਪੋਸ਼ਾਕਾ ਸਾਹਿਬ ਚੜਾਏ ਗਏ | ਇਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਅਧੀਨ ਸਾਰੇ ਨਿਸ਼ਾਨ ਸਾਹਿਬ ਇਕ-ਇਕ ਕਰ ਕੇ ਉਤਾਰ ਕੇ ਉਨ੍ਹਾਂ 'ਤੇ ਬਸੰਤੀ ਨਿਸ਼ਾਨ ਸਾਹਿਬ ਲਗਾਏ ਜਾ ਰਹੇ ਹਨ।
ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਵਿੱਚ ਲਿਆ ਗਿਆ ਸੀ ਫੈਸਲਾ
ਦਰਅਸਲ, 15 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਹੋਈ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਧੀਨ ਆਉਂਦੇ ਹਰ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਉਤੇ ਭਗਵੇਂ ਰੰਗ ਦੀ ਥਾਂ ਸੁਰਮਈ ਜਾਂ ਬਸੰਤੀ ਰੰਗ ਦਾ ਪੋਸ਼ਾਕਾ ਸਾਹਿਬ ਚੜ੍ਹਾਇਆ ਜਾਵੇਗਾ।
ਐਸਜੀਪੀਸੀ ਨੇ ਜਾਰੀ ਕੀਤਾ ਸੀ ਸਰਕੂਲਰ
ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਕਮੇਟੀ ਨੇ 26 ਜੁਲਾਈ ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ। ਧਰਮ ਪ੍ਰਚਾਰ ਕਮੇਟੀ ਵੱਲੋਂ ਜਾਰੀ ਸਰਕੂਲਰ ਵਿੱਚ ਸਿੱਖ ਪ੍ਰਚਾਰਕਾਂ ਨੂੰ ਸਿੱਖ ਰਹਿਤ ਮਰਿਯਾਦਾ ਬਾਰੇ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਹੁਕਮ ਵੀ ਦਿੱਤਾ ਗਿਆ ਸੀ।