ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਾਮਯਾਬੀ ਹਾਸਲ ਕਰਦਿਆਂ ਓਵਰਸੀਰ ਸਿੰਘ ਉਰਫ਼ ਸਤਿੰਦਰ ਸਿੰਘ ਉਰਫ਼ ਸੱਤੀ ਦੇ ਕਤਲ ਕਾਂਡ ਮਾਮਲੇ ਵਿੱਚ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ ਨੂੰ ਕਾਬੂ ਕੀਤਾ ਹੈ।
ਇਹ ਸਾਮਾਨ ਹੋਇਆ ਬਰਾਮਦ
ਮੁਲਜ਼ਮਾਂ ਕੋਲੋਂ ਇੱਕ .32 ਬੋਰ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਇਸ ਦੇ ਨਾਲ ਹੀ ਪੁਲਸ ਟੀਮਾਂ ਨੇ ਉਨ੍ਹਾਂ ਦੀ ਚਿੱਟੀ ਹੁੰਡਈ ਵਰਨਾ ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ 03 ਬੀਐਚ 7724 ਹੈ, ਨੂੰ ਵੀ ਜ਼ਬਤ ਕਰ ਲਿਆ ਹੈ।
ਪਛਾਣ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸੇਲਬਰਾਹ, ਬਠਿੰਡਾ; ਲਵਜੀਤ ਸ਼ਰਮਾ ਉਰਫ਼ ਲਵੀ ਵਾਸੀ ਪਿੰਡ ਭਾਈ ਰੂਪਾ, ਬਠਿੰਡਾ; ਵਿਨੋਦ ਕੁਮਾਰ ਉਰਫ਼ ਹੁਨਰ ਸ਼ਰਮਾ ਵਾਸੀ ਪਿੰਡ ਭਾਈ ਰੂਪਾ, ਬਠਿੰਡਾ ਅਤੇ ਗਗਨਦੀਪ ਸਿੰਘ ਵਾਸੀ ਭਗਤਾ ਭਾਈਕਾ, ਬਠਿੰਡਾ ਵਜੋਂ ਹੋਈ ਹੈ।
ਜਾਣੋ ਪੂਰਾ ਮਾਮਲਾ
ਓਵਰਸੀਅਰ ਸਿੰਘ ਵਾਸੀ ਭਾਈ ਰੂਪਾ, ਬਠਿੰਡਾ, ਜੋ ਕਿ ਇੱਕ ਬਦਨਾਮ ਅਪਰਾਧੀ ਸੀ, ਦਾ ਇਸ ਸਾਲ 5 ਫਰਵਰੀ ਨੂੰ ਸਵੇਰੇ 4 ਵਜੇ ਦੇ ਕਰੀਬ ਉਸ ਦੇ ਜੱਦੀ ਪਿੰਡ ਵਿਖੇ ਨਿੱਜੀ ਦੁਸ਼ਮਣੀ ਕਾਰਨ ਗੁਆਂਢੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਓਵਰਸੀਅਰ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਆਦਿ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਵਾਸਤੇ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਵਿਨੋਦ ਕੁਮਾਰ ਨੂੰ ਬਰਨਾਲਾ ਦੇ ਧਨੌਲਾ ਤੋਂ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਮੁਲਜ਼ਮ ਗਗਨਦੀਪ ਸਿੰਘ ਅਤੇ ਲਵਜੀਤ ਸਿੰਘ ਉਰਫ਼ ਲਵੀ ਨੂੰ ਬਠਿੰਡਾ ਦੇ ਟੀਪੀਟੀ ਕਾਲਜ, ਰਾਮਪੁਰਾ ਫੂਲ ਤੋਂ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਐਫਆਈਆਰ ਨੰਬਰ 11 ਮਿਤੀ 05.02.25 ਨੂੰ ਥਾਣਾ ਫੂਲ, ਬਠਿੰਡਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 125 ਅਤੇ 351(2) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।