ਬਠਿੰਡਾ/ ਬੀਤੀ ਰਾਤ ਬਾਈਕ ਸਵਾਰ ਹਮਲਾਵਰਾਂ ਨੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਬਠਿੰਡਾ ਦੇ ਮਾਲ ਰੋਡ 'ਤੇ ਸਥਿਤ ਬਾਹੀਆਫੋਰਟ ਹੋਟਲ ਦੇ ਪਿਛਲੇ ਪਾਸੇ ਤੋਂ ਸਾਹਮਣੇ ਆਈ ਹੈ, ਜਿੱਥੇ ਬਾਈਕ ਸਵਾਰ ਹਮਲਾਵਰਾਂ ਨੇ ਨੌਜਵਾਨ ਦੀ ਛਾਤੀ 'ਚ ਗੋਲੀਆਂ ਮਾਰ ਦਿੱਤੀਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ |
ਜ਼ਖਮੀ ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।ਇਸ ਵਾਰਦਾਤ ਵਿਚ ਇਕ ਹੋਰ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ। ਗੋਲੀ ਲੱਗਣ ਵਾਲੇ ਨੌਜਵਾਨਾਂ ਦੀ ਪਛਾਣ ਰੇਸ਼ਮ ਸਿੰਘ ਪਿੰਡ ਰਾਜਗੜ੍ਹ ਅਤੇ ਸ਼ਿਵਮ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ।
ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਏਮਜ਼ ਹਸਪਤਾਲ ਲਈ ਰੈਫਰ ਕਰ ਦਿੱਤਾ। ਵਾਰਦਾਤ ਦਾ ਮੁੱਖ ਕਾਰਨ ਨਸ਼ੇ ਦੇ ਪੈਸੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਕੋਤਵਾਲੀ ਪੁਲਸ ਦੀ ਟੀਮ ਨੇ ਹੋਟਲ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਰਦਾਤ ਨੌਜਵਾਨਾਂ ਦੀ ਆਪਸੀ ਤਕਰਾਰ ਤੋਂ ਬਾਅਦ ਵਾਪਰੀ ਹੈ।
ਪੁਲਸ ਨੇ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਵੀ ਕਰ ਲਈ ਹੈ, ਜਿਸ ਨੂੰ ਪੁਲਸ ਜਲਦ ਹੀ ਗ੍ਰਿਫਤਾਰ ਕਰ ਲਵੇਗੀ। ਪੁਲਸ ਨੇ ਮੌਕੇ ਤੋਂ 12 ਬੋਰ ਬੰਦੂਕ ਦੇ ਖੋਲ ਬਰਾਮਦ ਕੀਤੇ ਹਨ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੋ ਬਾਈਕ ਸਵਾਰ ਨੌਜਵਾਨਾਂ ਨੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ 'ਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।