ਫਿਰੋਜ਼ਪੁਰ ਵਿਚ ਇਕ ਕਾਰ ਉਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਾਈਕ ਸਵਾਰ ਸ਼ੂਟਰਾਂ ਨੇ ਕਾਰ ਉੱਤੇ ਫਾਇਰਿੰਗ ਕੀਤੀ। ਇਸ ਹਮਲੇ ਵਿਚ ਇਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਇਕ ਲੜਕੀ ਵੀ ਸ਼ਾਮਲ ਹੈ।
ਮ੍ਰਿਤਕਾਂ ਦੀ ਪਛਾਣ ਦਿਲਪ੍ਰੀਤ ਸਿੰਘ, ਜਸਪ੍ਰੀਤ ਕੌਰ ਤੇ ਅਕਾਸ਼ਦੀਪ ਸਿੰਘ ਵਾਸੀ ਕੰਬੋਜ ਨਗਰ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ।ਗੋਲੀ ਲੱਗਣ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਓ-ਪੁੱਤ ਦੀ ਹਸਪਤਾਲ 'ਚ ਮੌਤ ਹੋ ਗਈ।
ਲੜਕੀ ਦਾ 10 ਦਿਨਾਂ ਬਾਅਦ ਸੀ ਵਿਆਹ
ਰਿਪੋਰਟ ਮੁਤਾਬਕ ਹਮਲੇ ਵਿਚ ਮਾਰੀ ਗਈ ਲੜਕੀ ਦਾ 10 ਦਿਨਾਂ ਬਾਅਦ ਵਿਆਹ ਸੀ, ਜਿਸ ਨੂੰ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਾਈਕ ਉਤੇ ਆਏ ਸ਼ੂਟਰਾਂ ਨੇ 20 ਰਾਊਂਡ ਫਾਇਰ ਕੀਤੇ।
ਕਾਰ ਵਿਚ ਸਨ ਪੰਜ ਲੋਕ ਸਵਾਰ
ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਇਹ ਫਾਇਰਿੰਗ ਹੋਈ, ਜਿਸ ਵਿਚ ਇਕ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪੁਲਸ ਮੌਕੇ ਉੱਤੇ ਪੁਹੰਚ ਗਈ ਤੇ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਸ਼ੂਟਰਾਂ ਨੇ ਅੰਨ੍ਹੇਵਾਹ ਕਾਰ ਉਤੇ ਗੋਲੀਆਂ ਚਲਾਈਆਂ, ਕਾਰ ਵਿਚ ਕੁਲ 5 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 3 ਦੀ ਮੌਤ ਤੇ 2 ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਮਾਮਲਾ ਕੋਈ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।