ਫ਼ਿਰੋਜ਼ਪੁਰ ਸ੍ਰੀ ਗੁਰੂਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਵਾਪਰੇ ਟ੍ਰਿਪਲ ਕਤਲ ਕਾਂਡ 'ਚ ਪੁਲਸ ਨੇ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਤਲਾਂ ਨੂੰ ਫੜਨ ਲਈ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਐਸਐਚਓ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਐਸ.ਪੀ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈਆ ਚਰਨਜੀਤ ਕੌਰ ਜੋ ਕਿ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਨੇੜੇ ਰਹਿੰਦੀ ਹੈ, ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਉਹ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਮੱਥਾ ਟੇਕਣ ਆਈ ਸੀ ਅਤੇ ਜਦੋਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਲੜਕਾ ਦਿਲਦੀਪ ਸਿੰਘ, ਭਤੀਜਾ ਅਨਮੋਲਪ੍ਰੀਤ ਸਿੰਘ, ਭਤੀਜੀ ਜਸਪ੍ਰੀਤ ਕੌਰ, ਪੁੱਤਰ ਦਾ ਦੋਸਤ ਅਕਾਸ਼ਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਜੈਂਟੀ ਕਾਰ ਵਿੱਚ ਗੁਰਦੁਆਰਾ ਸਾਹਿਬ ਨੇੜੇ ਆ ਰਹੇ ਸਨ।
3 ਬਾਈਕ 'ਤੇ 9 ਹਥਿਆਰਬੰਦ ਨੌਜਵਾਨ ਆਏ
ਉਨ੍ਹਾਂ ਦੱਸਿਆ ਕਿ ਮੁੱਖ ਸੜਕ ਵਾਲੇ ਪਾਸੇ ਤੋਂ 3 ਬਾਈਕ 'ਤੇ ਸਵਾਰ 9 ਹਥਿਆਰਬੰਦ ਨੌਜਵਾਨ ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਸੁੱਖੂ ਪੁੱਤਰ ਕਰਨੈਲ ਸਿੰਘ, ਰਾਜਵੀਰ ਸਿੰਘ ਉਰਫ਼ ਦਲੇਰ ਸਿੰਘ ਪੁੱਤਰ ਮਹਿੰਦਰ ਸਿੰਘ, ਸੁਖਚੈਨ ਸਿੰਘ ਉਰਫ਼ ਜੱਸ ਗਿਆਨੀ ਪੁੱਤਰ ਗੱਬਰ ਸਿੰਘ ਹਲਵਾਈ, ਅਕਸ਼ੇ ਉਰਫ਼ ਭਾਸ਼ੀ ਪੁੱਤਰ ਸਵ. ਬਲਵੀਰ ਸਿੰਘ ਪੁੱਤਰ ਗੌਤਮ ਪੁੱਤਰ ਚੰਨੂ ਵਾਸੀ ਬਸਤੀ ਬਾਗ, ਫ਼ਿਰੋਜ਼ਪੁਰ ਸ਼ਹਿਰ ਅਤੇ ਪ੍ਰਿੰਸ ਪੁੱਤਰ ਨਮਾਲੂਮ ਵਾਸੀ ਪਿੰਡ ਕੁੰਡੇ ਅਤੇ ਉਨ੍ਹਾਂ ਦੇ ਨਾਲ 3 ਅਣਪਛਾਤੇ ਨੌਜਵਾਨ (ਜਿਨ੍ਹਾਂ ਦੀ ਉਹ ਸਾਹਮਣੇ ਆਉਣ 'ਤੇ ਪਛਾਣ ਕਰ ਸਕਦੀ ਹੈ ) ਮੋਟਰਸਾਈਕਲਾਂ 'ਤੇ ਆਏ , ਜਿਨ੍ਹਾਂ ਸਾਰਿਆਂ ਨੇ ਆਪਣੇ ਹੱਥਾਂ ਵਿਚ ਪਿਸਤੌਲ ਫੜੇ ਹੋਏ ਸਨ।
ਕਾਰ ਨੁੰ ਘੇਰ ਕੇ ਕੀਤੀ ਫਾਇਰਰਿੰਗ
ਉਨ੍ਹਾਂ ਨੇ ਦਿਲਪ੍ਰੀਤ ਦੀ ਕਾਰ ਨੂੰ ਘੇਰ ਲਿਆ ਅਤੇ ਕਾਰ 'ਚ ਬੈਠੇ ਪਰਿਵਾਰਕ ਮੈਂਬਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਫਾਇਰਿੰਗ 'ਚ ਉਸ ਦੀ ਭਤੀਜੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਉਸਦੇ ਲੜਕੇ ਦਿਲਦੀਪ ਸਿੰਘ ਅਤੇ ਉਸਦੇ ਦੋਸਤ ਅਕਾਸ਼ਦੀਪ ਦੀ ਵੀ ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।