ਅਮਰੀਕਾ ਦੇ ਨਿਊਜਰਸੀ 'ਚ ਜਲੰਧਰ ਦੀਆਂ ਦੋ ਚਚੇਰੀਆਂ ਭੈਣਾਂ 'ਤੇ ਇਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ 29 ਸਾਲਾ ਜਸਵੀਰ ਦੀ ਮੌਤ ਹੋ ਗਈ। ਜਦੋਂਕਿ ਉਸ ਦੀ 20 ਸਾਲਾ ਭੈਣ ਗਗਨ ਗੰਭੀਰ ਜ਼ਖ਼ਮੀ ਹੈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹੁਣ ਇਸ ਮਾਮਲੇ 'ਤੇ ਪੀੜਤ ਲੜਕੀਆਂ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ।
ਘਟਨਾ ਬਾਰੇ ਬੁੱਧਵਾਰ ਨੂੰ ਪਤਾ ਲੱਗਾ
ਜ਼ਖਮੀ ਗਗਨ ਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਸਾਨੂੰ ਇਸ ਘਟਨਾ ਦਾ ਬੁੱਧਵਾਰ ਰਾਤ ਨੂੰ ਪਤਾ ਲੱਗਾ। ਦੋਵੇਂ ਭੈਣਾਂ ਅਮਰੀਕਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਸਨ। ਜਦੋਂਕਿ ਜਸਵੀਰ ਕੌਰ ਦਾ ਪਤੀ ਟਰੱਕ ਲੈ ਕੇ ਕੈਲੀਫੋਰਨੀਆ ਗਿਆ ਹੋਇਆ ਸੀ। ਉਸ ਨੇ ਹੀ ਸਾਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ।
ਛੋਟੀ ਧੀ ਇਸੇ ਸਾਲ ਅਮਰੀਕਾ ਗਈ
ਸੁਰਜੀਤ ਕੌਰ ਨੇ ਅੱਗੇ ਦੱਸਿਆ ਕਿ ਉਸ ਦੀ ਲੜਕੀ 2 ਜਨਵਰੀ ਨੂੰ ਵਿਦੇਸ਼ ਗਈ ਸੀ। ਜਦੋਂਕਿ ਵੱਡੀ ਬੇਟੀ ਪਹਿਲਾਂ ਹੀ ਉੱਥੇ ਰਹਿ ਰਹੀ ਸੀ। ਉਸ ਦਾ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ। ਪਰ ਮ੍ਰਿਤਕ ਜਸਵੀਰ ਅਤੇ ਜ਼ਖਮੀ ਗਗਨ ਨੇ ਇਸ ਘਟਨਾ ਬਾਰੇ ਕਦੇ ਗੱਲ ਨਹੀਂ ਕੀਤੀ।
ਧੀ ਗਗਨ ਨਾਲ ਗੱਲ ਕਰਵਾਉਣ ਦੀ ਕੀਤੀ ਅਪੀਲ
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਦੋਵਾਂ ਧੀਆਂ 'ਤੇ ਗੋਲੀਆਂ ਕਿਉਂ ਚਲਾਈਆਂ ਗਈਆਂ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜ਼ਖਮੀ ਗਗਨ ਨਾਲ ਗੱਲ ਕਰਵਾਈ ਜਾਵੇ ਤਾਂ ਜੋ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਮੁਲਜ਼ਮ ਜਲੰਧਰ ਦਾ ਰਹਿਣ ਵਾਲਾ
ਪੁਲਸ ਨੇ ਲੜਕੀਆਂ 'ਤੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਗੌਰਵ ਗਿੱਲ ਵਜੋਂ ਹੋਈ ਹੈ ਜੋ ਕਿ ਜਲੰਧਰ ਦੇ ਪਿੰਡ ਹੁਸੈਨਪੁਰ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗੌਰਵ ਗਿੱਲ ਨੂੰ ਜਾਣਦੀਆਂ ਸਨ।