ਫ਼ਿਰੋਜ਼ਪੁਰ ਵਿੱਚ 3 ਸਤੰਬਰ ਨੂੰ ਹੋਏ ਤੀਹਰੇ ਕਤਲ ਕਾਂਡ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿ ਕਿਵੇਂ ਹਮਲਾਵਰਾਂ ਨੇ ਪੂਰੀ ਯੋਜਨਾਬੰਦੀ ਤਹਿਤ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ | ਇਸ ਘਟਨਾ ਵਿੱਚ ਜਸਪ੍ਰੀਤ ਕੌਰ, ਅਕਾਸ਼ਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ 2 ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਸੀਸੀਟੀਵੀ 'ਚ ਨਜ਼ਰ ਆਏ ਹਮਲਾਵਰ
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰੀ ਯੋਜਨਾਬੰਦੀ ਨਾਲ ਆਏ ਹਮਲਾਵਰਾਂ ਨੇ ਕਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਕਾਰ ਮੋੜ ਤੋਂ ਮੁੜਨ ਲੱਗਦੀ ਹੈ ਤਾਂ ਕੰਧ ਦੇ ਪਿੱਛੇ ਲੁਕੇ ਹਮਲਾਵਰਾਂ ਨੇ ਕਾਰ 'ਤੇ ਲੋਡਿਡ ਪਿਸਤੌਲਾਂ ਨਾਲ ਫਾਇਰਿੰਗ ਕਰ ਦਿੱਤੀ।
ਕਾਰ ਜਦੋਂ ਥੋੜ੍ਹੀ ਅੱਗੇ ਜਾਂਦੀ ਹੈ ਤਾਂ ਕਾਤਲ ਕਾਰ ਦੇ ਪਿੱਛੇ ਜਾਂਦੇ ਹਨ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹਨ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਹਮਲਾਵਰਾਂ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ। ਮ੍ਰਿਤਕ ਦਿਲਪ੍ਰੀਤ ਸਿੰਘ ਖਿਲਾਫ ਖਰੜ 'ਚ ਅਸਲਾ ਐਕਟ ਤਹਿਤ ਕਤਲ ਦਾ ਮਾਮਲਾ ਦਰਜ ਹੈ। ਕਤਲ ਦਾ ਇੱਕ ਹੋਰ ਮਾਮਲਾ ਥਾਣਾ ਮਮਦੋਟ ਵਿਖੇ ਦਰਜ ਹੈ। ਕੁਝ ਸਮਾਂ ਪਹਿਲਾਂ NIA ਨੇ ਉਸ ਦੇ ਘਰ ਛਾਪਾ ਵੀ ਮਾਰਿਆ ਸੀ।