ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕੰਟਰੋਲ ਬੋਰਡ (SCB) ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਗੰਨੇ ਦਾ ਭਾਅ ਪ੍ਰਤੀ ਕੁਇੰਟਲ ਵਧਾਉਣ ਦਾ ਵਾਅਦਾ ਜਲਦੀ ਪੂਰਾ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰ ਇਹ ਐਲਾਨ ਪੰਜਾਬ ਵਿਧਾਨ ਸਭਾ ਦੇ ਵਿੰਟਰ ਸੈਸ਼ਨ ਦੌਰਾਨ ਕਰ ਸਕਦੀ ਹੈ। ਇਸ ਦੌਰਾਨ ਖੰਡ ਮਿੱਲ ਮਾਲਕਾਂ ਨੇ ਵੀ ਸ਼ਮੂਲੀਅਤ ਕੀਤੀ।
ਦਰਅਸਲ ਚਾਰ ਦਿਨਾਂ ਤੋਂ ਚਲ ਰਹੇ ਧਰਨੇ ਦੌਰਾਨ ਕਿਸਾਨਾਂ ਨੇ ਗੰਨੇ ਦੀ ਕੀਮਤ ਵਧਾਉਣ ਦੀ ਮੰਗ ਕੀਤੀ ਸੀ। ਹਾਲ ਹੀ ਵਿੱਚ ਸੀਐਮ ਮਾਨ ਨੇ ਕਿਸਾਨ ਆਗੂਆਂ ਨੂੰ ਬੁਲਾ ਕੇ ਇਸ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਗੰਨੇ ਦੇ ਭਾਅ ਵਧਾਉਣ ਬਾਰੇ ਜਲਦੀ ਫੈਸਲਾ ਲੈਣ ਦਾ ਵਾਅਦਾ ਕੀਤਾ ਗਿਆ।
ਸੀਐਮ ਨੇ ਦਿੱਤਾ ਭਰੋਸਾ
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਗੰਨੇ ਦਾ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਭਾਅ ਦਿੰਦੀ ਰਹੀ ਹੈ। ਇਹ ਅਜੇ ਵੀ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਹਰ ਮੁੱਦੇ 'ਤੇ ਸੜਕਾਂ ਤੇ ਰੇਲਵੇ ਜਾਮ ਕਰਨ ਦੀ ਲੋੜ ਨਹੀਂ ਹੈ। ਸਾਡਾ ਦਫਤਰ ਚੰਡੀਗੜ੍ਹ ਵਿੱਚ ਹੈ ਕਿਸਾਨ ਜਦੋਂ ਚਾਹੁਣ ਆ ਕੇ ਆਪਣੀਆਂ ਮੰਗਾਂ ਰੱਖ ਸਕਦੇ ਹਨ। ਚਾਰ ਦਿਨਾਂ ਦੇ ਧਰਨੇ ਤੋਂ ਬਾਅਦ ਸੀਐਮ ਮਾਨ ਦੇ ਭਰੋਸੇ 'ਤੇ ਕਿਸਾਨਾਂ ਨੇ ਰੇਲਵੇ ਤੇ ਮੁੱਖ ਮਾਰਗਾਂ ਨੂੰ ਖੋਲ੍ਹ ਦਿੱਤਾ।
ਹਰਿਆਣਾ ਸਰਕਾਰ ਦੇ ਰਹੀ 386 ਰੁਪਏ ਪ੍ਰਤੀ ਕੁਇੰਟਲ
ਪਹਿਲਾਂ ਪੰਜਾਬ 'ਚ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਸੀ। ਹਰਿਆਣਾ ਵਿੱਚ ਸਰਕਾਰ ਨੇ ਗੰਨੇ ਦੀ ਪ੍ਰਤੀ ਕੁਇੰਟਲ ਕੀਮਤ ਵਧਾ ਕੇ 386 ਰੁਪਏ ਕਰ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਵੀ ਸੂਬੇ 'ਚ ਸਟੇਟ ਐਗਰੀਡ ਭਾਅ ਵਧਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਉਨ੍ਹਾਂ ਨੇ ਜਲੰਧਰ, ਜੰਮੂ ਅਤੇ ਦਿੱਲੀ ਨੈਸ਼ਨਲ ਹਾਈਵੇ 'ਤੇ ਧਰਨਾ ਦਿੱਤਾ।