ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ਵਿਚ ਵਿਕਾਸ ਕ੍ਰਾਂਤੀ ਰੈਲੀ ਕੀਤੀ। ਇਸ ਦੌਰਾਨ ਉਨਾਂ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਨਾਲ ਸਨ। ਇਸ ਮੌਕੇ ਸੀ ਐਮ ਮਾਨ ਨੇ ਕਿਹਾ ਕਿ 867 ਕਰੋੜ ਰੁਪਏ ਦੇ ਪ੍ਰਾਜੈਕਟ ਹੁਸ਼ਿਆਰਪੁਰ ਚ ਸ਼ੁਰੂ ਕੀਤੇ ਗਏ ਹਨ।
ਮਾਨ ਨੇ ਕਿਹਾ ਕਿ ਹਸਪਤਾਲਾਂ ਦੀ ਹਾਲਤ ਚ ਸੁਧਾਰ ਹੋ ਰਿਹਾ ਹੈ। 26 ਜਨਵਰੀ 2024 ਤੱਕ ਪੰਜਾਬ ਦਾ ਕੋਈ ਵੀ ਤਹਿਸੀਲ ਤੋਂ ਲੈ ਕੇ ਜ਼ਿਲੇ ਤੱਕ ਦਾ ਕੋਈ ਹਸਪਤਾਲ ਅਜਿਹਾ ਨਹੀਂ ਹੋਵੇਗਾ, ਜਿਥੇ ਐਕਸਰੇ ਦੀ ਮਸ਼ੀਨ ਨਹੀਂ ਹੋਵੇਗੀ ਤੇ ਉਸ ਲਈ ਐਕਸਪਰਟ ਵੀ ਮੌਜੂਦ ਰਹੇਗਾ। ਇਸ ਸਬੰਧੀ ਐਸ ਐਮ ਓ ਤੇ ਸੀ ਐਮ ਓਸ ਤੇ ਮੈਡੀਕਲ ਅਫਸਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਜਿਹੜੀ ਹਸਪਤਾਲ ਤੋਂ ਦਵਾਈ ਪਰਚੀ ਉਤੇ ਲਿਖੀ ਜਾਵੇਗੀ, ਉਹ ਦਵਾਈ ਉਸੇ ਹਸਪਤਾਲ ਵਿਚੋਂ ਹੀ ਮਿਲੇਗੀ। ਲੋਕਾਂ ਦੀਆਂ ਸ਼ਿਕਾਇਤਾਂ ਸੀ ਕਿ ਡਾਕਟਰ ਜੋ ਦਵਾਈ ਲਿਖਦੇ ਹਨ, ਉਹ ਬਾਹਰੋਂ ਇੰਨੀ ਮਹਿੰਗੀ ਹੁੰਦੀ ਹੈ ਕਿ ਜ਼ਮੀਨਾਂ ਗਹਿਣੇ ਤੱਕ ਰੱਖਣੀਆਂ ਪੈ ਜਾਂਦੀਆਂ ਹਨ।
ਮਾਨ ਨੇ ਕਿਹਾ ਸਰਕਾਰ ਕੋਲ ਬਜਟ ਹੈ, ਰੈਵੀਨਿਊ ਤੁਸੀਂ ਦਿੰਦੇ ਹੋ, ਪੈਟਰੋਲ ਤੇ ਰਜਿਸਟਰੀ ਉਤੇ ਤੁਸੀਂ ਟੈਕਸ ਦਿੰਦੇ ਹੋ, ਇਹ ਕੰਮ ਸਰਕਾਰ ਕਰੇਗੀ। ਸਾਡੇ ਕੋਲ ਤੁਹਾਡਾ ਪੈਸਾ ਆਉਂਦਾ, ਅਸੀਂ ਲੋਕਾਂ ਉਤੇ ਹੀ ਲਾਵਾਂਗੇ। ਉਨਾਂ ਸੁਖਬੀਰ ਬਾਦਲ ਉਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਉਨਾਂ ਨੂੰ ਕੀ ਪਤਾ ਜਿਹੜੇ ਅਮਰੀਕਾ ਤੋਂ ਇਲਾਜ ਕਰਵਾਉਂਦੇ ਹਨ, ਇਥੋਂ ਦੇ ਲੋਕਾਂ ਦਾ ਦੁੱਖ ਉਨਾਂ ਨੂੰ ਕੀ ਪਤਾ।
ਸੁਖਬੀਰ ਬਾਦਲ 'ਤੇ ਵਰ੍ਹੇ ਭਗਵੰਤ ਮਾਨ
ਇਸ ਦੌਰਾਨ ਸੀ ਐਮ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਕਹਿੰਦਾ ਕਿ ਹਰ ਪਿੰਡ 'ਚ 4-5 ਮਲੰਗ ਹੁੰਦੇ ਹਨ, ਜਿਨਾਂ ਨੂੰ ਕੋਈ ਬੁਲਾਉਂਦਾ ਨਹੀਂ, ਉਹ ਆਮ ਆਦਮੀ ਪਾਰਟੀ ਨਾਲ ਹਨ, ਪੰਜਾਬ ਵਿਚ 12-13 ਹਜ਼ਾਰ ਪਿੰਡ ਹਨ ਤੇ ਉਨਾਂ ਨਾਲ 50 ਹਜ਼ਾਰ ਮਲੰਗ ਹਨ। ਮਾਨ ਨੇ ਕਿਹਾ ਕਿ ਕਮਾਲ ਹੈ ਸੁਖਬੀਰ ਸਿੰਹਾਂ ਤੈਨੂੰ ਫਿਰ ਮਲੰਗ ਦੀ ਫੁੱਲ ਫਾਰਮ ਨਹੀਂ ਪਤਾ, ਉਨਾਂ ਕਿਹਾ ਕਿ ਜਿਹੜੇ ਸੁਖਬੀਰ ਬਾਦਲ ਨਾਲ ਹਨ, ਉਹ ਪੰਜਾਬ ਦੀ ਸ਼ਾਨ ਤੇ ਜਿਹੜੇ ਮੇਰੇ ਨਾਲ ਹਨ, ਉਨਾਂ ਨੂੰ ਤੁਸੀਂ ਮਲੰਗ ਦੱਸ ਰਹੇ ਹੋ। ਮਾਨ ਨੇ ਕਿਹਾ ਕਿ ਇਨਾਂ ਮਲੰਗਾਂ ਤੇ ਰਾਜ ਕੀਤਾ ਤੁਸੀ ਤੇ ਮਲੰਗ ਬਣਾਏ ਕਿਸ ਨੇ ਹਨ।
ਉਨਾਂ ਅੱਗੇ ਕਿਹਾ ਕਿ ਤੁਸੀਂ ਪੰਜਾਬ ਨੂੰ ਲੁੱਟ ਕੇ ਖਾ ਗਏ ਤੇ ਸਰਦਾਰ ਬੰਨ ਕੇ ਬਹਿ ਗਏ, ਕੋਈ ਰੇਤੇ ਦੀ ਖੱਡ ਨਹੀਂ ਛੱਡੀ, ਕੋਈ ਬੱਸ ਨਹੀਂ ਛੱਡੀ ਹਿੱਸਾ ਪਾਉਣ ਲਈ, ਨਹਿਰਾਂ ਤੁਹਾਡੇ ਖੇਤਾਂ ਚ ਜਾ ਕੇ ਮੁੱਕਦੀਆਂ ਨੇ, ਕੋਈ ਹੋਟਲ ਨਹੀਂ ਛੱਡਿਆ। ਉਨਾਂ ਕਿਹਾ ਕਿ ਪਾਣੀ ਵੇਚ ਕੇ ਖਾ ਗਏ, ਬਾਣੀ ਵੇਚ ਕੇ ਖਾ ਗਏ। ਉਨਾਂ ਕਿਹਾ ਕਿ ਲੁਧਿਆਣਾ ਫਿਰ ਆਏ ਕਿਉਂ ਨਹੀਂ।