ਮੁੱਖ ਮੰਤਰੀ ਭਗਵੰਤ ਮਾਨ ਅੱਜ ਸੁਨਾਮ ਪੁੱਜੇ ਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਯੁਵਕ ਮੇਲੇ ਵਿੱਚ ਸ਼ਿਰਕਤ ਕੀਤੀ। ਇਹ ਮੇਲਾ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ। ਸੀ ਐਮ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਨ੍ਹਾਂ ਮੇਲਿਆਂ ਵਿੱਚੋਂ ਮਹਾਨ ਲੇਖਕ ਅਤੇ ਸਾਹਿਤਕਾਰ ਉੱਭਰ ਕੇ ਸਾਹਮਣੇ ਆਏ ਹਨ। ਅੱਜ ਉਹ ਜਿਸ ਸਟੇਜ 'ਤੇ ਖੜ੍ਹੇ ਹਨ, ਉਹ ਪਹਿਲੀ ਵਾਰ ਕਾਲਜ 'ਚ ਪੜ੍ਹਦਿਆਂ ਪਹਿਲੀ ਵਾਰ ਇਸ ਸਟੇਜ 'ਤੇ ਚੜ੍ਹੇ ਸਨ।
PU ਦੇ ਪ੍ਰਿੰਸੀਪਲ ਨੇ ਜੋ ਮੰਗਾਂ ਰੱਖੀਆਂ ਸਨ, ਉਹ ਹੋਈਆਂ ਮਨਜ਼ੂਰ
ਇਸ ਦੌਰਾਨ ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰਿੰਸੀਪਲ ਹਰਵਿੰਦਰ ਜੀ ਨੇ ਜੋ ਮੰਗਾਂ ਰੱਖੀਆਂ ਸਨ, ਮੰਨ ਲਈਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਕਾਲਜ ਨੂੰ ਗਰਾਂਟ ਵੀ ਦਿੱਤੀ ਗਈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਦੇ ਵੀ ਹੰਕਾਰੀ ਨਹੀਂ ਹੋਣਾ ਚਾਹੀਦਾ। ਹਉਮੈ ਨੂੰ ਨਿੱਤ ਟੁੱਟਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਜਿੱਤ ਦੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਦੁਖ ਵੇਲੇ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਅਤੇ ਖੁਸ਼ੀ ਵੇਲੇ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫਲਤਾ ਦਾ ਰਸਤਾ ਮਿਹਨਤ ਹੈ ਤੇ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ।
UPSC ਕੇਂਦਰ ਤੇ ਪਿੰਡਾਂ 'ਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ
ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਬਣ ਰਹੇ ਹਨ। ਬੱਚਿਆਂ ਦੀ ਪ੍ਰਤਿਭਾ ਅਨੁਸਾਰ ਉਨ੍ਹਾਂ ਨੂੰ ਉਸ ਰਸਤੇ ਵੱਲ ਲਿਜਾਇਆ ਜਾ ਰਿਹਾ ਹੈ। ਅਸੀਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹ ਰਹੇ ਹਾਂ, ਅਸੀਂ 8 UPSC ਕੇਂਦਰ ਖੋਲ੍ਹਾਂਗੇ ਜੋ ਪੂਰੀ ਤਰ੍ਹਾਂ ਮੁਫਤ ਹੋਣਗੇ। ਇਸ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ।
ਸੀ ਐਮ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਡੀ ਸੀ, ਐਸ ਐਸ ਪੀ, ਆਈ ਐਸ ਬਣੇ। ਉਨ੍ਹਾਂ ਕਿਹਾ ਕਿ ਮਨੁੱਖ ਜਿੱਥੇ ਵੀ ਜਾਵੇ, ਉਸ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ।