ਅੰਮ੍ਰਿਤਪਾਲ ਸਿੰਘ ਦੇ ਮਾਨਸਾ ਸਥਿਤ ਪਿੰਡ ਕੋਟਲੀ ਕਲਾਂ ਪੁੱਜੇ ਸੀ ਐਮ ਮਾਨ ਨੇ ਕਿਹਾ ਕਿ ਸ਼ਹੀਦ ਨੂੰ ਗਾਰਡ ਆਫ ਆਨਰ ਨਾ ਦੇਣਾ ਕੇਂਦਰ ਸਰਕਾਰ ਲਈ ਚੰਗੀ ਗੱਲ ਨਹੀਂ ਹੈ।
ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼
ਉਨਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਆਰਥਕ ਮਦਦ ਵਜੋਂ ਦਿੱਤਾ ਜਾ ਰਿਹਾ ਹੈ। ਅਸੀਂ ਉਨਾਂ ਦੀ ਜਾਨ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਇਸ ਨਾਲ ਆਰਥਕ ਮਦਦ ਹੋ ਜਾਂਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ, ਜੇਕਰ ਅਸੀਂ ਪਰਿਵਾਰਾਂ ਨੂੰ ਸੰਭਾਲਾਂਗੇ ਤਾਂ ਹੋਰ ਬੱਚੇ ਫੌਜ ਵਿਚ ਜਾਣ ਲਈ ਸੋਚਣਗੇ ਨਹੀਂ ਤਾਂ ਪਰਿਵਾਰ ਬੱਚਿਆਂ ਨੂੰ ਉਦਾਹਰਣਾਂ ਦੇ ਕੇ ਫੌਜ ਵਿਚ ਨਹੀਂ ਭਜੇਣਗੇ।
ਸ਼ਹੀਦ ਨੂੰ 4 ਸਲੂਟ ਨਹੀਂ ਵਜ ਸਕੇ,ਇਹ ਸ਼ਰਮਨਾਕ
ਸੀ ਐਮ ਮਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਕ ਨੌਜਵਾਨ ਦੀ ਦੇਸ਼ ਦੀ ਰਾਖੀ ਕਰਦਿਆਂ ਜਾਨ ਚਲੀ ਗਈ, ਸੱਠ ਫੀਸਦੀ ਬਜਟ ਦੇਸ਼ ਦਾ ਡਿਫੈਂਸ ਲਈ ਜਾਂਦਾ ਹੈ ਉਨਾਂ ਕੋਲੋਂ ਇਕ ਐਂਬੂਲੈਂਸ ਤੇ 4 ਸਲੂਟ ਨਹੀਂ ਵਜ ਸਕੇ। ਉਨਾਂ ਅੱਗ ਕਿਹਾ ਕਿ ਜਿਸ ਵੇਲੇ ਅੰਮਿਤਪਾਲ ਦੀ ਸ਼ਹੀਦੀ ਮੌਕੇ ਉਸ ਨੂੰ ਅਗਨੀਵੀਰ ਅਨਾਊਂਸ ਕਰ ਰਹੇ ਸੀ, ਤਾਂ ਅਸੀਂ ਕਿਹਾ ਸੀ ਕਿ ਉਹ ਇਹ ਸਭ ਗਲਤ ਕਰ ਰਹੇ ਹਨ।
ਸ਼ਹੀਦਾਂ ਦਾ ਅਪਮਾਨ
ਮਾਨ ਨੇ ਕਿਹਾ ਕਿ ਅਗਨੀਵੀਰਾਂ ਨੂੰ ਇਹ 4 ਸਾਲ ਲਈ ਭਰਤੀ ਕਰਦੇ ਹਨ, 6 ਮਹੀਨਿਆਂ ਦੀ ਟਰੇਨਿੰਗ ਤੇ ਸਾਢੇ 3 ਸਾਲ ਕੁੱਲ ਰੱਖਣਾ ਹੁੰਦਾ ਹੈ, 6 ਮਹੀਨਿਆਂ ਵਿਚ ਫੌਜ ਪੱਧਰ ਦੀ ਸਿਖਲਾਈ ਕਿਵੇਂ ਦੇਵੋਗੇ। ਪਟਵਾਰੀਆਂ ਦੀ ਟਰੇਨਿੰਗ ਡੇਡ ਸਾਲ ਹੁੰਦੀ ਹੈ ਤੇ ਕਈ ਟਰੇਨਿੰਗਾਂ ਤਾਂ ਇਕ ਸਾਲ ਦੀਆਂ ਵੀ ਹੁੰਦੀਆਂ ਹਨ। ਫੌਜ ਦੀ ਟਰੇਨਿੰਗ ਸਖਤ ਹੁੰਦੀ ਹੈ। 6 ਮਹੀਨੇ ਦੀ ਟਰੇਨਿੰਗ ਸਾਡੇ ਤਿੰਨ ਸਾਲ ਬਾਅਦ ਅਗਨੀਵੀਰ ਨੂੰ ਕਹਿਣਗੇ ਜਾਓ, 22- 23 ਸਾਲ ਦਾ ਨੌਜਵਾਨ ਨਾ ਰਿਟਾਇਰਾਂ ਵਿਚ ਨਾ ਮੌਜੂਦਾ ਵਿਚ ਤੇ ਨਾ ਹੀ ਕੋਈ ਪੈਨਸ਼ਨ, ਇਹ ਤਾਂ ਹੱਦ ਹੈ ਕਿ ਦੁਨੀਆ ਤੋਂ ਜਾਣ ਵੇਲੇ ਸਲੂਟ ਵੀ ਨਹੀਂ ਮਾਰਿਆ,ਇਹ ਸ਼ਹੀਦਾਂ ਦਾ ਅਪਮਾਨ ਹੈ।
ਜਵਾਨ ਦੇਸ਼ ਲਈ ਕਰਦੇ ਗਸ਼ਤ
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ, ਸ਼ਹੀਦ ਹੋਣ ਵਾਲੇ ਪਰਿਵਾਰ ਦੀ ਆਰਥਕ ਮਦਦ ਕੀਤੀ ਜਾਵੇਗੀ। ਜੇਕਰ ਜਵਾਨ ਕਾਰਗਿੱਲ ਪਹਾੜੀ ਵਿਚ ਗਸ਼ਤ ਕਰ ਰਹੇ ਹੋਣ 10 ਵਿਚੋਂ ਜੇ 7 ਸ਼ਹੀਦ ਹੋ ਜਾਣ ਤਾਂ 3 ਬੱਚ ਜਾਣ ਅਸੀਂ ਉਨਾਂ ਨੂੰ ਸ਼ਹੀਦ ਹੀ ਮੰਨਾਂਗੇ ਕਿਉਂਕਿ ਉਹ ਦੇਸ਼ ਲਈ ਗਸ਼ਤ ਕਰਦੇ ਹਨ, ਕੋਈ ਪਿਕਨਿਕ ਮਨਾਉਣ ਨਹੀਂ ਜਾਂਦੇ।
ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਦਾ ਬਿਆਨ
ਇਸ ਦੌਰਾਨ ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅਗਨੀਵੀਰ ਕੀ ਹੁੰਦਾ, ਮੈਂ ਤਾਂ ਫੌਜ ਚ ਭਰਤੀ ਕੀਤਾ ਸੀ, ਫੌਜ ਨੇ ਉਹੀ ਵਰਦੀ ਦਿੱਤੀ, ਉਹੀ ਹਥਿਆਰ ਪਰ ਸ਼ਹੀਦੀ ਵੇਲੇ ਫਰਕ ਪਾ ਲਿਆ। ਮਾਨ ਨੇ ਕਿਹਾ ਕਿ ਇਨਾਂ ਨਿਤੀਘਾੜਿਆਂ ਨੂੰ ਕੀ ਪਤਾ ਸ਼ਹੀਦੀ ਦਾ, ਆਪਣੇ ਗਏ ਹੋਣ ਤਾਂ ਪਤਾ ਲੱਗੇ।
ਡਿਫੈਂਸ ਮਨਿਸਟਰੀ ਕੋਲ ਇਹ ਮੁੱਦਾ ਚੁੱਕਾਂਗਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਡਿਫੈਂਸ ਮਨਿਸਟਰੀ ਕੋਲ ਇਹ ਮੁੱਦਾ ਚੁੱਕਾਂਗਾ ਤੇ ਆਪ ਵੀ ਜਾਵਾਂਗਾ। ਸਾਨੂੰ ਤਾਂ ਹੁਣ ਸਮਝ ਲੱਗੀ ਕਿ ਇਹ ਸਮਝਦੇ ਕੀ ਨੇ ਅਗਨੀਵੀਰਾਂ ਨੂੰ। ਜਿਵੇਂ ਕੱਚੇ ਅਧਿਆਪਕ ਸੁਣੇ ਸੀ, ਠੇਕੇ ਉਤੇ ਫੌਜੀ ਬਣਾਏ ਹੋਏ ਹਨ ਇਨਾਂ ਨੇ। ਜਦੋਂ ਅਸੀਂ ਆਪਣਾ ਪੁਤ ਦੇਣ ਲਈ ਤਿਆਰ ਹਾਂ, ਡਿਫੈਂਸ ਕੋਲ ਸੱਠ ਫੀਸਦੀ ਬਜਟ ਹੈ, ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਲਈ ਵੀ ਸਮਝੌਤੇ ਕਰਨ ਲੱਗ ਗਏ।
ਸ਼ਹੀਦ ਦੇ ਨਾਂ ਤੇ ਬਣੇਗਾ ਸਟੇਡੀਅਮ ਤੇ ਬੁੱਤ
ਪਰਿਵਾਰ ਤੇ ਪੰਚਾਇਤ ਦੀ ਮੰਗ ਉਤੇ ਉਨਾਂ ਕਿਹਾ ਕਿ ਸ਼ਹੀਦ ਦੇ ਨਾਂ ਉਤੇ ਸਟੇਡੀਅਮ ਤੇ ਬੁੱਤ ਵੀ ਲੱਗੇਗਾ। ਪੰਜਾਬ ਸਰਕਾਰ ਵਲੋਂ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ। ਪਰਿਵਾਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ।
ਗੋਲੀ ਇਹ ਨਹੀਂ ਦੇਖਦੀ ਇਹ ਕਿਸ ਤਰ੍ਹਾਂ ਦਾ ਫੌਜੀ
ਉਨਾਂ ਕਿਹਾ ਕਿ ਪੰਜਾਬ ਵਲੋਂ ਅਸੀਂ ਸ਼ਹੀਦ ਦਾ ਦਰਜਾ ਦੇਵਾਂਗੇ, ਕਿਉਂਕਿ ਦੇਸ਼ ਖਾਤਰ ਜਿੰਨਾ ਨੇ ਹਿੱਕਾਂ ਡਾਹ ਦਿੱਤੀਆਂ, ਸਰਹੱਦ ਉਤੇ ਗੋਲੀ ਇਹ ਨਹੀਂ ਦੇਖਦੀ ਕਿ ਇਹ ਅਗਨੀਵੀਰ ਹੈ ਜਾਂ ਹੋਰ ਤਰਾਂ ਦਾ ਫੌਜੀ। ਇਸ ਤਰਾਂ ਦਾ ਵਿਤਕਰਾ ਫੌਜ ਵਿਚ ਘਾਤਕ ਹੈ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ ਕਿ ਅਗਨੀਵੀਰਾਂ ਨੂੰ ਰੈਗੂਲਰ ਕਰੋ ਜਾਂ ਵੇਹਲੇ ਕਰ ਦੋ, ਉਹ ਕੁਝ ਨਾ ਕੁਝ ਕਰ ਲੈਣਗੇ, ਤੁਸੀਂ ਉਨਾਂ ਨੂੰ ਨਾ ਇਧਰ ਜੋਗਾ ਛੱਡਣਾ ਨਾ ਉਧਰ ਜੋਗਾ।ਹੁਣ ਪਤਾ ਲੱਗਾ ਕਿ ਸਾਨੂੰ ਤਾਂ ਸਲੂਟ ਵੀ ਹੈ ਨੀ।
ਜਿਹੜਾ ਫੌਜ ਵਿਚ ਜਾਣ ਲਈ ਜਿਗਰਾ ਰੱਖਦਾ ਉਹ ਖੁਦਕੁਸ਼ੀ ਨਹੀਂ ਕਰ ਸਕਦਾ
ਜਦੋਂ ਮਾਨ ਨੂੰ ਫੌਜੀ ਵਲੋਂ ਸੁਸਾਇਡ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨਾਂ ਕਿਹਾ ਕਿ ਇਹ ਉਸ ਤੋਂ ਵੀ ਸ਼ਰਮਨਾਕ ਤੇ ਜ਼ਖਮਾਂ
ਤੇ ਲੂਣ ਵਾਲੀ ਗੱਲ ਹੈ।ਉਹ 7 ਭੈਣਾਂ ਦਾ ਭਰਾ ਸੀ ਤੇ ਜ਼ਿੰਮੇਵਾਰ ਸੀ। ਉਹ ਵਿਆਹ ਤੇ ਆਉਣ ਲਈ ਤਿਆਰ ਸੀ, ਜਿਹੜਾ ਫੌਜ ਵਿਚ ਜਾਣ ਲਈ ਜਿਗਰਾ ਰੱਖਦਾ ਉਹ ਖੁਦਕੁਸ਼ੀ ਨਹੀਂ ਕਰ ਸਕਦਾ, ਫੌਜ ਹੁਣ ਬਹਾਨੇ ਲਾ ਰਹੀ ਹੈ। ਇਹ ਮਾਮਲਾ ਸੈਂਟਰ ਤੱਕ ਲੈ ਕੇ ਜਾਵਾਂਗੇ।
ਮੁੱਖ ਮੰਤਰੀ ਸ਼ਹੀਦ ਪਰਮਿੰਦਰ ਸਿੰਘ ਦੇ ਘਰ ਵੀ ਪਹੁੰਚੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 4 ਅਕਤੂਬਰ ਨੂੰ ਕਾਰਗਿਲ ਵਿੱਚ ਸ਼ਹੀਦ ਹੋਏ ਪਰਮਿੰਦਰ ਸਿੰਘ ਦੇ ਘਰ ਵੀ ਪੁੱਜੇ। ਜਿੱਥੇ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮਾਣ ਭੱਤਾ ਵੀ ਦਿੱਤਾ।
ਪਿੰਡ ਛਾਜਲੀ ਵਿੱਚ ਬਣੇਗੀ ਸ਼ਹੀਦ ਪਰਮਿੰਦਰ ਦੀ ਯਾਦਗਾਰ
ਸੀਐਮ ਭਗਵੰਤ ਮਾਨ ਨੇ ਪਰਮਿੰਦਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਪਰਿਵਾਰ ਨੂੰ ਮਿਲਣ ਉਪਰੰਤ ਉਨ੍ਹਾਂ ਕਿਹਾ ਕਿ ਪਿੰਡ ਛਾਜਲੀ ਵਿੱਚ ਸ਼ਹੀਦ ਪਰਮਿੰਦਰ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ।