ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ 2 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਉਤੇ ਵਧਾਈਆਂ ਦਿੱਤੀਆਂ ਹਨ।
ਟਵੀਟ ਕਰ ਕੇ ਦਿੱਤੀ ਵਧਾਈ
ਉਨ੍ਹਾਂ ਇਸ ਸਬੰਧੀ ਟਵੀਟ ਕਰ ਕੇ ਲਿਖਿਆ ਕਿ ਵਿਸ਼ਵਕਰਮਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਸਭਨਾਂ ਦੇ ਹੁਨਰ ਨੂੰ ਭਾਗ ਲਗਾਉਣ ਅਤੇ ਸਦਾ ਕੰਮਕਾਰ 'ਚ ਤਰੱਕੀਆਂ ਤੇ ਸਫਲਤਾ ਬਖ਼ਸ਼ਣ।
ਮਾਨ ਨੇ ਕਿਹਾ ਕਿ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਭਗਵਾਨ ਵਿਸ਼ਵਕਰਮਾ ਵਰਤੋਂ ਵਿੱਚ ਲਿਆਂਦੀ ਜਾ ਰਹੀ ਸਾਰੀ ਮਸ਼ੀਨਰੀ ਅਤੇ ਔਜਾਰਾਂ ਦੇ ਮਾਹਿਰ ਸਨ, ਜਿਨ੍ਹਾਂ ਨੂੰ ਸਾਰੀ ਮਸ਼ੀਨਰੀ ਦੇ ਰਚਨਹਾਰੇ ਮੰਨਿਆ ਜਾਂਦਾ ਹੈ। ਭਗਵਾਨ ਵਿਸ਼ਵਕਰਮਾ ਵੱਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ।
ਵਿਸ਼ਵਕਰਮਾ ਪੂਜਾ ਦਾ ਮਹੱਤਵ
ਧਾਰਮਿਕ ਗ੍ਰੰਥਾਂ ਅਨੁਸਾਰ ਭਗਵਾਨ ਵਿਸ਼ਵਕਰਮਾ ਬ੍ਰਹਮਾ ਦੇਵ ਦੇ ਪੁੱਤਰ ਹਨ। ਭਗਵਾਨ ਵਿਸ਼ਵਕਰਮਾ ਨੂੰ ਸਾਰੇ ਦੇਵਤਿਆਂ ਦਾ ਆਰਕੀਟੈਕਟ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਬ੍ਰਹਿਮੰਡ ਦੀ ਰਚਨਾ ਵਿੱਚ ਭਗਵਾਨ ਵਿਸ਼ਵਕਰਮਾ ਨੇ ਬ੍ਰਹਮਾ ਦੇਵ ਦੀ ਮਦਦ ਕੀਤੀ ਸੀ। ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਇਹ ਵਿਸ਼ਵਕਰਮਾ ਸੀ ਜਿਸ ਨੇ ਸੋਨੇ ਦੀ ਲੰਕਾ, ਦਵਾਰਕਾ ਸ਼ਹਿਰ, ਪੁਸ਼ਪਕ ਵਿਮਾਨ ਅਤੇ ਦੇਵੀ-ਦੇਵਤਿਆਂ ਦੇ ਹਥਿਆਰ ਬਣਾਏ ਸਨ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਵਪਾਰ ਵਿੱਚ ਤਰੱਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਨਾ ਬਹੁਤ ਸ਼ੁਭ ਹੈ। ਜੋ ਲੋਕ ਮਸ਼ੀਨਾਂ ਅਤੇ ਨਿਰਮਾਣ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਨੀ ਚਾਹੀਦੀ ਹੈ। ਕਿਉਂਕਿ ਭਗਵਾਨ ਵਿਸ਼ਵਕਰਮਾ ਨੂੰ ਦੁਨੀਆ ਦਾ ਪਹਿਲਾ ਇੰਜੀਨੀਅਰ ਕਿਹਾ ਜਾਂਦਾ ਹੈ।