ਖ਼ਬਰਿਸਤਾਨ ਨੈੱਟਵਰਕ- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਮੌਕੇ ਵਧਾਈਆਂ ਦਿੱਤੀਆਂ ਹਨ। CM ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਭ 'ਤੇ ਆਪਣੀ ਕਿਰਪਾ ਬਣਾਈ ਰੱਖਣ।
ਜਨਮ ਅਸ਼ਟਮੀ ਦਾ ਇਤਿਹਾਸ
ਭਾਰਤ ਵਿੱਚ ਹਰੇਕ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਵੀ ਉਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਹੈ। ਹਿੰਦੂ ਧਰਮ ਅਨੁਸਾਰ ਕੰਸ ਦੇ ਅੱਤਿਆਚਾਰਾਂ ਨੂੰ ਸਹਿਣ ਕਰਦੇ ਹੋਏ ਉਸਦੀ ਭੈਣ ਦੇਵਕੀ ਨੇ ਭਾਦਰਪਦ ਦੇ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਕ੍ਰਿਸ਼ਨ ਨੂੰ ਅੱਠਵੇਂ ਬੱਚੇ ਵਜੋਂ ਜਨਮ ਦਿੱਤਾ ਸੀ। ਕੰਸ ਦੇ ਅੱਤਿਆਚਾਰਾਂ ਤੋਂ ਧਰਤੀ ਨੂੰ ਬਚਾਉਣ ਲਈ ਭਗਵਾਨ ਵਿਸ਼ਨੂੰ ਨੇ ਖੁਦ ਧਰਤੀ 'ਤੇ ਅਵਤਾਰ ਧਾਰਿਆ ਸੀ। ਇਨ੍ਹਾਂ ਮਾਨਤਾਵਾਂ ਅਨੁਸਾਰ ਹਰ ਸਾਲ ਭਾਦਰਪਦ ਦੀ ਅਸ਼ਟਮੀ ਤਰੀਖ਼ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ।
ਜਨਮ ਅਸ਼ਟਮੀ ਦਾ ਮਹੱਤਵ
ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ 3 ਦੇਵਤੇ (ਬ੍ਰਹਮਾ, ਵਿਸ਼ਨੂੰ, ਮਹੇਸ਼) ’ਚੋਂ ਭਗਵਾਨ ਵਿਸ਼ਨੂੰ ਦਾ ਅਵਤਾਰ ਹਨ। ਜਨਮ ਅਸ਼ਟਮੀ ’ਤੇ ਹਰ ਸਾਲ ਕਈ ਲੋਕ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਹਨ। ਵਰਤ ਰੱਖ ਕੇ ਲੋਕ ਅੱਧੀ ਰਾਤ ਨੂੰ ਪੂਰੀ ਵਿਧੀ ਨਾਲ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਮੱਖਣ, ਮਿਸ਼ਰੀ, ਦੁੱਧ-ਦਹੀਂ ਸਣੇ ਕਈ ਵੱਖ-ਵੱਖ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਕ੍ਰਿਸ਼ਨ ਜੀ ਦਾ ਭਜਨ ਕੀਰਤਨ ਕਰਦੇ ਹੋਏ ਧੂਮਧਾਮ ਨਾਲ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਮਨਾਉਂਦੇ ਹਨ। ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਮੰਦਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ।
ਮੰਦਰਾਂ ਵਿਚ ਸ਼ਰਧਾਲੂਆਂ ਦੀ ਵਧੀ ਭੀੜ
ਜਨਮ ਅਸ਼ਟਮੀ ਮੌਕੇ ਜਲੰਧਰ ਦੇ ਮੰਦਰਾਂ ਵਿਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂਆਂ ਦੀਆਂ ਮੰਦਰਾਂ ਵਿਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।