ਚੰਡੀਗੜ੍ਹ ਵਿਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ Nebula Group of Companies ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ।
ਸੀ ਐਮ ਮਾਨ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਇਸ ਬਾਰੇ ਜਾਣਕਾਰੀ ਖੁਦ ਸੀਐਮ ਮਾਨ ਨੇ ਐਕਸ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ,"ਅੱਜ Nebula Group of Companies ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਤੇ ਪੰਜਾਬ 'ਚ ਕਈ ਖੇਤਰਾਂ 'ਚ ਨਿਵੇਸ਼ ਨੂੰ ਲੈ ਕੇ ਗੱਲਬਾਤ ਕੀਤੀ। ਪੰਜਾਬ 'ਚ ਫੂਡ ਪ੍ਰੋਸੈਸਿੰਗ ਪਲਾਂਟ, ਦਰਿਆਵਾਂ ਦੇ ਪਾਣੀ ਦੀ ਸਫਾਈ, ਪਲਾਸਟਿਕ ਬੋਤਲ ਰੀਸਾਈਕਲ ਪਲਾਂਟ ਤੇ ਡ੍ਰੋਨ ਟੈਕਨਾਲੋਜੀ ਦੀ ਖੇਤੀਬਾੜੀ 'ਚ ਵਰਤੋਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਹੋਈ। ਇਹਨਾਂ ਵਰਗੇ ਬਹੁਤ ਸਾਰੇ ਪੰਜਾਬੀ ਜੋ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹ ਸਾਡੀ ਸਰਕਾਰ 'ਚ ਭਰੋਸਾ ਰੱਖਦੇ ਨੇ ਤੇ ਪੰਜਾਬ 'ਚ ਨਿਵੇਸ਼ ਕਰਨਾ ਚਾਹੁੰਦੇ ਹਨ"।
ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ
ਦੱਸ ਦੇਈਏ ਕਿ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸ਼ਨ ਰੋਜ਼ਗਾਰ ਤਹਿਤ 293 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਸੀ ਐਮ ਮਾਨ ਨੇ ਕਿਹਾ ਕਿ 'ਆਪ' ਸਰਕਾਰ ਨੇ ਹੁਣ ਤੱਕ 44974 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਮੈਨੂੰ ਖੁਸ਼ੀ ਹੈ ਕਿ ਸਾਧਾਰਨ ਪਰਿਵਾਰਾਂ ਦੇ ਧੀਆਂ-ਪੁੱਤਰ ਜਿਨ੍ਹਾਂ ਨੇ ਸਰਕਾਰੀ ਨੌਕਰੀ ਦੀ ਆਸ ਛੱਡ ਦਿੱਤੀ ਸੀ, ਉਨ੍ਹਾਂ ਨੂੰ ਰਿਸ਼ਵਤ ਅਤੇ ਸਿਫ਼ਾਰਸ਼ਾਂ ਤੋਂ ਬਿਨਾਂ ਸਰਕਾਰੀ ਨੌਕਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਹੇਗਾ।