ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਉਨਾਂ ਨੂੰ ਪ੍ਰਣਾਮ ਕਰਦਿਆਂ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਦੀਨ-ਦੁਖੀਆਂ ਦੇ ਸੱਚੇ ਸੇਵਕ, ਦਇਆਵਾਨ ਅਤੇ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਨੂੰ ਉਨਾਂ ਦੀ ਬਰਸੀ ਮੌਕੇ ਕੋਟਿ-ਕੋਟਿ ਪ੍ਰਣਾਮ।
ਉਨਾਂ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਭਾਵਨਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ਭਗਤ ਪੂਰਨ ਸਿੰਘ ਬਾਰੇ
ਭਗਤ ਪੁਰਨ ਸਿੰਘ ਜੀ ਦਾ ਜਨਮ ਪਿੰਡ ਰਾਜੇਵਾਲ ਵਿਖੇ 4 ਜੂਨ 1904 ਨੂੰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਰਾਮ ਜੀ ਦਾਸ ਰੱਖਿਆ। ਉਨ੍ਹਾਂ ਦੀ ਮਾਤਾ ਦਾ ਨਾਂ ਮਹਿਤਾਬ ਕੌਰ ਸੀ।
ਭਗਤ ਪੂਰਨ ਸਿੰਘ ਦੇ ਪਿਤਾ ਛਿੱਬੂ ਮਲ ਇੱਕ ਅਮੀਰ ਖੱਤਰੀ ਵਪਾਰੀ ਸਨ। ਉਸ ਦਾ ਵਪਾਰ 1913 ਵਿੱਚ ਪਏ ਕਾਲ ਵਿੱਚ ਤਬਾਹ ਹੋ ਗਿਆ ਸੀ, ਜਿਸ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਪਿਆ। ਮਾਤਾ ਜੀ ਦਾ ਸੁਫਨਾ ਪੂਰਨ ਸਿੰਘ ਨੂੰ ਦਸਵੀਂ ਪੜ੍ਹਾਉਣਾ ਸੀ ਪਰ ਤੰਗੀਆਂ ਤੁਰਸ਼ੀਆਂ ਨੇ ਇੱਕ ਮਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ। ਸਿਰੜ ਵਿੱਚ ਪੱਕੀ ਮਾਂ ਮਹਿਤਾਬ ਕੌਰ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਫੀਸ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ।
ਭਗਤ ਪੂਰਨ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਖੰਨੇ ਦੇ ਐਂਗਲੋ ਸੰਸਕ੍ਰਿਤ ਸਕੂਲ ਤੋਂ ਪ੍ਰਾਪਤ ਕੀਤੀ ਪਰ ਉਹ ਆਪਣੀ ਮਾਂ ਦਾ ਦਸਵੀਂ ਪਾਸ ਦਾ ਸੁਫਨਾ ਪੂਰਾ ਨਾ ਕਰ ਸਕੇ।
ਉਹ ਸਕੂਲੀ ਪੜ੍ਹਾਈ ਵਿੱਚ ਭਾਵੇਂ ਮਨ ਨਾ ਲਗਾ ਸਕੇ ਪਰ ਗਿਆਨ ਦੀ ਪਿਆਸ ਉਨ੍ਹਾਂ ਅੰਦਰ ਬਹੁਤ ਸੀ। ਲਾਹੌਰ ਤੇ ਅੰਮ੍ਰਿਤਸਰ ਦੀਆਂ ਲਾਇਬ੍ਰੇਰੀਆ ਤੋਂ ਉਨ੍ਹਾਂ ਬਹੁਮੁਲਾ ਗਿਆਨ ਦਾ ਭੰਡਾਰ ਗ੍ਰਹਿਣ ਕੀਤਾ। ਸਵੈ ਪੜ੍ਹਾਈ ਦੇ ਨਾਲ ਉਨ੍ਹਾਂ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਰਾਮ ਜੀ ਦਾਸ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖੀ ਸਰੂਪ ਧਾਰਨ ਕਰ ਲਿਆ। ਦੇਸ਼ ਵੰਡ ਤੋਂ ਪਹਿਲਾਂ ਦੀ ਅਸਾਵੀਂ ਸਮਾਜਿਕ ਸਥਿਤੀ ਅਤੇ ਦੇਸ਼ ਵੰਡ ਸਮੇਂ ਹੋਏ ਮਨੁੱਖਤਾ ਦੇ ਘਾਣ ਨੇ ਪੂਰਨ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ।
ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ ਬੀਮਾਰ, ਲਾਵਾਰਿਸ ਲੋਕਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਭਗਤ ਪੂਰਨ ਸਿੰਘ ਨੇ ਭਾਈ ਘਨੱਈਆ ਜੀ ਵਾਲੀ ਭੂਮਿਕਾ ਨਿਭਾਈ। ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤਕ ਦੇ ਆਪਣੇ ਜੀਵਨ ਸਫ਼ਰ ਵਿੱਚ ਉਨ੍ਹਾਂ ਨੇ ਨਿਥਾਂਵਿਆਂ, ਨਿਓਟਿਆਂ ਤੇ ਨਿਆਸਰਿਆਂ ਦੀ ਹਰ ਪੱਖੋਂ ਸੇਵਾ ਕੀਤੀ।
ਉਹ ਕਦੇ ਮਾਂ ਦੇ ਰੂਪ ਵਿੱਚ, ਕਦੇ ਪਿਤਾ ਦੇ ਰੂਪ ਵਿੱਚ ਅਤੇ ਕਦੇ ਇੱਕ ਵੱਡੇ ਭਰਾ ਵਾਂਗੂ ਹਰ ਵੇਲੇ ਇਨਸਾਨੀਅਤ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ। ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਨੀਂਹ ਰੱਖੀ।
ਬੇਆਸਰਿਆਂ ਤੇ ਨਿਥਾਵਿਆਂ ਦੇ ਪੱਕੇ ਘਰ ਲਈ 6 ਮਾਰਚ 1957 ਨੂੰ ਉਨ੍ਹਾਂ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਰਜਿਸਟਰਡ ਕਰਵਾ ਲਿਆ ਸੀ।
ਸੇਵਾ ਦੇ ਪੁੰਜ ਦੇ ਤੌਰ ‘ਤੇ ਭਗਤ ਪੂਰਨ ਸਿੰਘ ਨੂੰ ਪੂਰੀ ਦੁਨੀਆਂ ਜਾਣਦੀ ਹੈ ਪਰ ਉਨ੍ਹਾਂ ਦੇ ਸਾਹਿਤਕਾਰ ਹੋਣ ਬਾਰੇ ਬਹੁਤੇ ਲੋਕ ਅਣਜਾਣ ਹਨ। ਉਨ੍ਹਾਂ ਦੀਆਂ ਲਿਖਤਾਂ ਨੂੰ ਆਮ ਪਾਠਕ ਰੋਜ਼ਾਨਾ ਜ਼ਿੰਦਗੀ ਦੇ ਕਾਰ-ਵਿਹਾਰ ਕਰਦੇ ਹੋਏ ਪੜ੍ਹਦੇ ਰਹਿੰਦੇ ਹਨ ਪਰ ਲਿਖਤਾਂ ਦੀ ਸਾਹਿਤਕ ਮਹਤੱਤਾ ਵੱਲ ਘੱਟ ਧਿਆਨ ਦਿੰਦੇ ਹਨ। ਭਗਤ ਪੂਰਨ ਸਿੰਘ ਦੇ ਜੀਵਨ ਦਾ ਮੂਲ ਸੰਕਲਪ ਮਾਨਵ ਭਲਾਈ ਸੀ। ਨਿਸ਼ਕਾਮ ਸੇਵਾ ਕਰਦੇ ਹੋਏ ਉਹ 5 ਅਗਸਤ, 1992 ਨੂੰ ਸਰੀਰ ਤਿਆਗ ਗਏ।