ਚੌਥੀ ਪਾਤਸ਼ਾਹੀ ਧੰਨ-ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ਾਂ-ਵਿਦੇਸ਼ਾਂ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ 490ਵਾਂ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
CM ਮਾਨ ਨੇ ਦਿੱਤੀ ਵਧਾਈ
ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਵਧਾਈ ਦਿੱਤੀ ਹੈ, ਉਨ੍ਹਾਂ ਲਿਖਿਆ ਕਿ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਵਾਲੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਪ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਗੁਰੂ ਸਾਹਿਬ ਦੀ ਬਾਣੀ ਸਮੁੱਚੀ ਲੋਕਾਈ ਲਈ ਪ੍ਰੇਰਨਾਸ੍ਰੋਤ ਹੈ।
ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ
ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਜਲੌਅ ਸਜਾਏ ਗਏ ਹਨ। ਦੁਪਹਿਰ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ ਅਤੇ ਸ਼ਾਮ ਨੂੰ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ ਸ਼ਰਧਾਲੂਆਂ ਨੂੰ ਦੇਖਣ ਨੂੰ ਮਿਲੇਗਾ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜ ਰਹੀਆਂ ਹਨ।
ਸ੍ਰੀ ਗੁਰੂ ਰਾਮਦਾਸ ਜੀ
ਆਪ ਜੀ ਦਾ ਜਨਮ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ’ਤੇ ਮਾਤਾ ਦਾ ਸਾਇਆ ਨਾ ਰਿਹਾ ਤੇ ਛੇਤੀ ਹੀ ਪਿਤਾ ਜੀ ਵੀ ਚੜਾਈ ਕਰ ਗਏ। ਸੰਬੰਧੀਆਂ ਨੇ ਮੂੰਹ ਫੇਰ ਲਿਆ ਅਤੇ ਲਹੌਰ ਵਿੱਚੋਂ ਕਿਸੇ ਨੇ ਵੀ ਆਪ ਜੀ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਆਪ ਜੀ ਨੂੰ ਬਾਸਰਕੇ ਲੈ ਆਈ। ਨਾਨੀ ਆਰਥਕ ਪੱਖੋਂ ਗ਼ਰੀਬ ਸੀ, ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ- ਪੋਸ਼ਣ ਦੀ ਵੀ ਜ਼ਿੰਮੇਵਾਰੀ ਪੈ ਗਈ। ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ।
1541 ਵਿੱਚ ਜੇਠਾ ਜੀ ਬਾਸਰਕੇ ਆਏ ਸਨ ਅਤੇ ਕੋਈ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ ਅਤੇ ਕੋਈ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਰੂਪ ਵਿਚ ਬਿਰਾਜਮਾਨ ਹੋਏ। ਇਤਿਹਾਸ ਐਸਾ ਦਸਦਾ ਹੈ ਕਿ ਇਕ ਦਿਨ ਗੁਰੂ ਅਮਰਦਾਸ ਜੀ ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ, ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਅਜਿਹਾ ਹੀ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਇਕ ਹੀ ਹੈ ਅਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ, ਜਿਸ ਵਿਚ ਇਹਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਸੁਭਾਅ ਅਤੇ ਪ੍ਰੀਖਿਆ
ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਪ੍ਰੀਖਿਆ ਵੇਲੇ ਮਿਲਦਾ ਹੈ। ਜਦੋਂ ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਬਾਰ-ਬਾਰ ਥੜ੍ਹਾ ਢਾਉਣ ’ਤੇ ਗੁੱਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜ੍ਹਾ ਢਾਏ ਜਾਣ ’ਤੇ ਵੀ ਬੜੀ ਨਿਮ੍ਰਤਾ ਨਾਲ ਆਖਿਆ ‘‘ਮੈਂ ਤਾਂ ਅਣਜਾਨ ਤੇ ਭੁਲਣਹਾਰ ਹਾਂ ਪਰ ਤੁਸੀਂ ਤਾਂ ਕ੍ਰਿਪਾਲੂ ਹੋ। ਬਾਰ ਬਾਰ ਭੁੱਲਾਂ ਬਖ਼ਸ਼ਦੇ ਹੋ।’’ ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ। ਗੁਰੂ ਰਾਮਦਾਸ ਜੀ ਦੀ ਨਿਮਰਤਾ ਦੇ ਹੋਰ ਪ੍ਰਮਾਣ ਵੀ ਇਤਿਹਾਸ ਵਿੱਚ ਮਿਲਦੇ ਹਨ।
ਗੁਰੂ ਅਮਰ ਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਰਤਾ ਭਰ ਵੀ ਢਿਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਹੀ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿੱਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛਤਰ ਹੈ। ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਵੱਲੋਂ ਵਧੀਕੀਆਂ ਕਰਣ ’ਤੇ ਵੀ ਉਨ੍ਹਾਂ ਨੂੰ ਬੁਰਾ ਭਲਾ ਨਹੀਂ ਕਿਹਾ ਸਗੋਂ ਘਰੋਗੀ ਜੀਵਨ ਨੂੰ ਸਦਾ ਖੁਸ਼ਗਵਾਰ ਰੱਖਿਆ। ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ, ਹਲੀਮੀ ਅਤੇ ਪਿਆਰ ਹੈ ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸੀਂਗਾਰੀ ਗਹਿਣੇ ਸਨ। ਆਪ ਜੀ ਅੰਦਰੋਂ ਬਾਹਰੋਂ ਪ੍ਰੇਮ ਦਾ ਮੁਜੱਸਮਾ ਸਨ।
SGPC ਦੇ ਪ੍ਰਧਾਨ ਧਾਮੀ ਨੇ ਦਿੱਤੀ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ, ਪ੍ਰੇਮ- ਭਗਤੀ ਤੇ ਸਦ ਗੁਣਾਂ ਨਾਲ ਭਰਪੂਰ ਹੈ। ਗੁਰੂ ਸਾਹਿਬ ਵੱਲੋਂ ਸੱਚੇ ਸਿਦਕ ਨਾਲ ਨਿਭਾਈ ਨਿਸ਼ਕਾਮ ਸੇਵਾ ਵਰਗੀ ਦੁਨੀਆਂ ਦੇ ਇਤਿਹਾਸ ਅੰਦਰ ਕਿਧਰੇ ਹੋਰ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਕਾਰਜ ਕੀਤੇ ਅਤੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ 'ਤੇ ਅਗਵਾਈ ਤੇ ਪ੍ਰੇਰਣਾ ਦਿੱਤੀ। ਉਨ੍ਹਾਂ ਸਿੱਖ ਜਗਤ ਨੂੰ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ-ਪੰਥ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।