ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਜ਼ਿਲ੍ਹਾ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਹਨਾਂ ਨੂੰ ਇਹ ਸਜ਼ਾ ਪਰਿਵਾਰਕ ਝਗੜੇ ਦੇ ਚੱਲਦਿਆਂ ਦਿੱਤੀ ਹੈ। ਅਦਾਲਤ ਨੇ ਉਹਨਾਂ ਨੂੰ ਇਹ ਸਜ਼ਾ ਧਾਰਾ 452 ਅਤੇ 323 ਦੇ ਕੇਸਾਂ ਦੇ ਸਬੰਧ ਵਿੱਚ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ 9 ਹੋਰ ਲੋਕਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ।
ਸਾਲ 2008 ਦਾ ਮਾਮਲਾ
ਇਹ ਮਾਮਲਾ ਮੰਤਰੀ ਅਮਨ ਅਰੋੜਾ ਖਿਲਾਫ ਉਨ੍ਹਾਂ ਦੇ ਜੀਜਾ ਰਜਿੰਦਰ ਦੀਪਾ ਨੇ ਸਾਲ 2008 'ਚ ਦਰਜ ਕਰਵਾਇਆ ਸੀ। ਜਿਸ 'ਤੇ ਅੱਜ 15 ਸਾਲ ਬਾਅਦ ਸੁਨਾਮ ਦੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ 2 ਸਾਲ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਰਜਿੰਦਰ ਦੀਪਾ ਨੇ ਦਰਜ ਕਰਵਾਈ ਸ਼ਿਕਾਇਤ
ਅਮਨ ਅਰੋੜਾ ਦੇ ਜੀਜਾ ਤੇ ਸ਼ਿਕਾਇਤਕਰਤਾ ਰਜਿੰਦਰ ਦੀਪਾ ਨੇ ਨਿਊਜ਼ 18 ਨੂੰ ਦੱਸਿਆ ਕਿ ਅਮਨ ਅਰੋੜਾ ਨੇ ਮੇਰੇ ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਮੈਂ ਡੀਐਸਪੀ ਨੂੰ ਸ਼ਿਕਾਇਤ ਕੀਤੀ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਕਬਜ਼ਾ ਨਹੀਂ ਛੱਡਿਆ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅਸੀਂ ਇਸ ਬਾਰੇ ਗੱਲ ਕਰਕੇ ਮਾਮਲਾ ਹੱਲ ਕਰ ਸਕਦੇ ਹਾਂ। ਪਰ ਉਨ੍ਹਾਂ ਨੇ ਸਾਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਅਮਨ ਅਰੋੜਾ ਨੇ ਆਪਣੇ 9-10 ਸਾਥੀਆਂ ਨਾਲ ਮਿਲ ਕੇ ਮੇਰੇ 'ਤੇ ਹਮਲਾ ਕਰ ਦਿੱਤਾ।
ਰਜਿੰਦਰ ਦੀਪਾ ਨੇ ਅੱਗੇ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਹੁਣ ਕੀ ਕਰਦੀ ਹੈ। ਅਮਨ ਅਰੋੜਾ ਦੀ MLA ਸੀਟ ਚਲੀ ਜਾਵੇ। ਕਿਉਂਕਿ ਹਾਲ ਹੀ ਵਿੱਚ ਰਾਹੁਲ ਗਾਂਧੀ ਵੀ ਆਪਣੀ ਸੀਟ ਹਾਰ ਗਏ ਹਨ। ਮੈਂ ਚਾਹੁੰਦਾ ਹਾਂ ਕਿ ਅਦਾਲਤ ਅਮਨ ਅਰੋੜਾ ਨੂੰ ਵੱਧ ਤੋਂ ਵੱਧ ਸਜ਼ਾ ਦੇਵੇ।
ਅਰੋੜਾ ਕੋਲ ਸੂਚਨਾ ਤੇ ਲੋਕ ਸੰਪਰਕ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਦਾ ਅਹੁਦਾ ਹੈ। ਰਜਿੰਦਰ ਦੀਪਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਹਾਈਕੋਰਟ ਵੀ ਜਾਵਾਂਗੇ।