ਕੈਨੇਡਾ 'ਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਪੰਜਾਬੀਆਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਕੈਨੇਡਾ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਲਗਾਤਾਰ ਨਿਯਮ ਬਦਲ ਰਹੀ ਹੈ | ਜਾਣਕਾਰੀ ਅਨੁਸਾਰ ਸਟੂਡੈਂਟਸ ਤੋਂ ਈਮੇਲ ਰਾਹੀਂ ਕਈ ਤਰ੍ਹਾਂ ਦੇ ਦਸਤਾਵੇਜ਼ ਮੰਗੇ ਜਾ ਰਹੇ ਹਨ। ਇਹ ਈਮੇਲ ਮਿਲਣ ਤੋਂ ਬਾਅਦ ਕਈ ਭਾਰਤੀ ਵਿਦਿਆਰਥੀਆਂ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਰੂਰੀ ਦਸਤਾਵੇਜ਼ ਦੁਬਾਰਾ ਜਮ੍ਹਾ ਕਰਵਾਉਣ ਲਈ ਕਿਹਾ
ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਸਰਕਾਰ ਨੇ ਕੈਨੇਡਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ, ਵੀਜ਼ਾ ਅਤੇ ਐਜੂਕੇਸ਼ਨ ਰਿਕਾਰਡ ਜਿਵੇਂ ਕਿ ਅੰਕ ਅਤੇ ਹਾਜ਼ਰੀ ਸਮੇਤ ਕਈ ਜ਼ਰੂਰੀ ਦਸਤਾਵੇਜ਼ ਦੁਬਾਰਾ ਜਮ੍ਹਾ ਕਰਨ ਲਈ ਕਿਹਾ ਹੈ। ਵਿਦਿਆਰਥੀਆਂ ਨੂੰ ਇਹ ਸਾਰੀ ਜਾਣਕਾਰੀ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਈਮੇਲ ਪਤੇ 'ਤੇ ਭੇਜਣ ਲਈ ਕਿਹਾ ਗਿਆ ਹੈ। ਕੁਝ ਵਿਦਿਆਰਥੀਆਂ ਨੂੰ ਇਹਨਾਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਲਈ ਵਿਅਕਤੀਗਤ ਤੌਰ 'ਤੇ IRCC ਦਫ਼ਤਰਾਂ ਵਿੱਚ ਜਾਣ ਲਈ ਵੀ ਕਿਹਾ ਗਿਆ ਹੈ।
ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਅਤੇ ਸਖਤ ਵਿੱਤੀ ਜ਼ਰੂਰਤਾਂ ਦੇ ਅਨੁਸਾਰ ਉਨ੍ਹਾਂ ਦੇ ਦਾਖਲੇ ਨੂੰ ਕੰਟਰੋਲ ਕਰਨ ਲਈ ਆਪਣੀਆਂ ਨੀਤੀਆਂ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਵਿੱਚ ਕੋਈ ਦੇਰੀ ਨਾ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਟੋਰਾਂਟੋ ਸਥਿਤ ਇਮੀਗ੍ਰੇਸ਼ਨ ਸਲਾਹਕਾਰ ਮਹਿਬੂਬ ਰਾਜਵਾਨੀ ਨੇ ਕਿਹਾ ਕਿ ਇਹ ਕਦਮ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਕੈਨੇਡਾ ਦੀ ਰਣਨੀਤੀ ਦਾ ਹਿੱਸਾ ਜਾਪਦਾ ਹੈ। ਇਸ ਤੋਂ ਇਲਾਵਾ ਸਰਕਾਰ ਅਸਲ ਵਿਦਿਆਰਥੀਆਂ ਦੀ ਪਛਾਣ ਕਰਨਾ ਚਾਹੁੰਦੀ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਉਂਦੇ ਹਨ ਅਤੇ ਫਿਰ ਅਜਿਹੀ ਸੰਸਥਾ 'ਚ ਜਾਂਦੇ ਹਨ | ਜਿੱਥੇ ਗੈਰ-ਹਾਜ਼ਰੀ 'ਤੇ ਕੋਈ ਪਾਬੰਦੀ ਨਹੀਂ ਹੁੰਦੀ ਅਤੇ ਫਿਰ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀ ਸਮੇਂ ਸਿਰ ਇਨ੍ਹਾਂ ਬੇਨਤੀਆਂ ਦੀ ਪਾਲਣਾ ਨਹੀਂ ਕਰਦੇ ਹਨ, ਤਾਂ ਇਹ ਭਵਿੱਖ 'ਚ ਵੀਜ਼ਾ ਰੱਦ ਜਾਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।