ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਦੀ ਵਾਧੂ ਜਾਂਚ ਕਰਵਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਇਹ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਨਵੇਂ ਨਿਯਮ ਪਿਛਲੇ ਹਫਤੇ ਹੀ ਲਾਗੂ ਕੀਤੇ ਗਏ ਸਨ। ਸਰਕਾਰ ਨੇ ਨਵੇਂ ਪ੍ਰੋਟੋਕੋਲ ਨੂੰ ਹਟਾਉਣ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਹੈ।
ਵਾਧੂ ਜਾਂਚ ਕਾਰਨ ਲੱਗ ਗਈਆਂ ਸਨ ਲੰਬੀਆਂ ਲਾਈਨਾਂ
ਕੈਨੇਡੀਅਨ ਏਅਰ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ (ਸੀਏਟੀਐਸਏ) ਦੁਆਰਾ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਵਾਈ ਅੱਡਿਆਂ 'ਤੇ ਯਾਤਰੀਆਂ ਅਤੇ ਸਮਾਨ ਦੀ ਜਾਂਚ ਕਰਨਾ ਸ਼ਾਮਲ ਸੀ। ਰਿਪੋਰਟਾਂ ਦੇ ਅਨੁਸਾਰ, ਭਾਰਤ ਜਾਣ ਵਾਲੀਆਂ ਉਡਾਣਾਂ ਦੀ ਵਾਧੂ ਜਾਂਚ ਦੇ ਕਾਰਨ ਹਵਾਈ ਅੱਡੇ 'ਤੇ ਦੇਰੀ ਅਤੇ ਲੰਬੀਆਂ ਕਤਾਰਾਂ ਲੱਗ ਗਈਆਂ।
ਸੋਮਵਾਰ ਨੂੰ ਹੁਕਮ ਜਾਰੀ ਕੀਤੇ ਗਏ
ਕੈਨੇਡਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਜਾਣ ਵਾਲੇ ਯਾਤਰੀਆਂ ਲਈ ਬੇਹੱਦ ਸਾਵਧਾਨੀ ਵਰਤੀ ਜਾ ਰਹੀ ਹੈ। ਏਅਰ ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਨੋਟਿਸ 'ਚ ਕਿਹਾ ਗਿਆ ਸੀ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਸਖਤ ਸੁਰੱਖਿਆ ਆਦੇਸ਼ਾਂ ਕਾਰਨ ਤੁਹਾਡੀ ਆਉਣ ਵਾਲੀ ਫਲਾਈਟ ਦਾ ਇੰਤਜ਼ਾਰ ਦਾ ਸਮਾਂ ਉਮੀਦ ਤੋਂ ਜ਼ਿਆਦਾ ਲੰਬਾ ਹੋ ਸਕਦਾ ਹੈ।
ਇਸ ਘਟਨਾ ਤੋਂ ਬਾਅਦ ਲਿਆ ਸੀ ਫੈਸਲਾ
ਦਰਅਸਲ, ਅਕਤੂਬਰ ਵਿੱਚ ਨਵੀਂ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਾਧੂ ਜਾਂਚ ਸ਼ੁਰੂ ਕੀਤੀ ਗਈ ਸੀ। ਜਹਾਜ਼ ਨੂੰ ਕੈਨੇਡਾ ਦੇ ਇਕਾਲੂਇਟ ਵੱਲ ਮੋੜ ਦਿੱਤਾ ਗਿਆ ਸੀ, ਪਰ ਪੂਰੀ ਜਾਂਚ ਤੋਂ ਬਾਅਦ ਕੋਈ ਵਿਸਫੋਟਕ ਨਹੀਂ ਮਿਲਿਆ।