ਫਾਜ਼ਿਲਕਾ ਦੇ ਜਲਾਲਾਬਾਦ 'ਚ ਪੰਚਾਇਤੀ ਚੋਣਾਂ ਦੌਰਾਨ 'ਆਪ' ਉਮੀਦਵਾਰ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਦੇ ਦਫ਼ਤਰ ਵਿੱਚ ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਇਸ ਦੇ ਨਾਲ ਹੀ ਹੁਣ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਉਰਫ਼ ਨੋਨੀ ਮਾਨ, ਉਸ ਦੇ ਭਰਾ ਨਰਦੇਵ ਸਿੰਘ ਮਾਨ ਉਰਫ਼ ਬੌਬੀ ਮਾਨ ਅਤੇ ਕਰੀਬ 15-20 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਮਨਦੀਪ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤੋਂ ਡੀ.ਐਮ.ਸੀ. ਸ਼ਿਫਟ ਕੀਤਾ ਗਿਆ। ‘ਆਪ’ ਆਗੂਆਂ ਦਾ ਦੋਸ਼ ਹੈ ਕਿ ਅਕਾਲੀ ਦਲ ਦੇ ਆਗੂਆਂ ਨੇ ਉਮੀਦਵਾਰ ਨੂੰ ਗੋਲੀ ਮਾਰੀ ਹੈ।
ਦੋਵੇਂ ਸਾਬਕਾ ਸੰਸਦ ਮੈਂਬਰਾਂ ਦੇ ਪੁੱਤਰ
ਦੱਸ ਦੇਈਏ ਕਿ ਨੋਨੀ ਮਾਨ ਅਤੇ ਬੌਬੀ ਮਾਨ ਦੋਵੇਂ 14ਵੀਂ ਲੋਕ ਸਭਾ ਦੇ ਮੈਂਬਰ ਜ਼ੋਰਾ ਸਿੰਘ ਮਾਨ ਦੇ ਬੇਟੇ ਹਨ। ਪਿੰਡ ਚੱਕ ਸੁੱਖੇਵਾਲਾ 'ਚ ਨੋਨੀ ਦੇ ਪੁੱਤਰ ਹਰਪਿੰਦਰ ਸਿੰਘ ਨੂੰ ਸਰਪੰਚ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ ਇਤਰਾਜ਼ ਕਰਨ 'ਤੇ 'ਆਪ' ਸਮਰਥਕਾਂ ਮਨਦੀਪ ਸਿੰਘ ਬਰਾੜ ਅਤੇ ਰਾਜੇਸ਼ ਕੁਮਾਰ 'ਤੇ ਗੋਲੀ ਚਲਾ ਦਿੱਤੀ ਗਈ।
ਜਾਣਕਾਰੀ ਅਨੁਸਾਰ ਇਹ ਐਫਆਈਆਰ ਪਿੰਡ ਚੱਕ ਸੁੱਖੇਵਾਲਾ ਵਿੱਚ ਸਰਪੰਚ ਦੇ ਅਹੁਦੇ ਲਈ ਹਰਪਿੰਦਰ ਦਾ ਸਾਹਮਣਾ ਕਰ ਰਹੇ ‘ਆਪ’ ਵਰਕਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਗੁਰਪ੍ਰੀਤ ਨੇ ਸ਼ਿਕਾਇਤ ਕੀਤੀ ਹੈ ਕਿ ਇਕ ਦਿਨ ਪਹਿਲਾਂ ਨੋਨੀ ਨੇ ਉਸ ਨੂੰ ਚੋਣ ਲੜਨ ਦੀ ਧਮਕੀ ਦਿੱਤੀ ਸੀ। ਬਾਅਦ ਵਿੱਚ ਬੀਡੀਓ ਦਫ਼ਤਰ ਵਿੱਚ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਉਨ੍ਹਾਂ ਇਤਰਾਜ਼ ਜਤਾਇਆ ਕਿ ਹਰਪਿੰਦਰ ਨੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ’ਤੇ ਨਿੱਜੀ ਦਫ਼ਤਰ ਬਣਿਆ ਹੋਇਆ ਹੈ ਅਤੇ ਜਾਇਦਾਦ ਦਾ ਇੱਕ ਹਿੱਸਾ ਮਾਨ ਪਰਿਵਾਰ ਵੱਲੋਂ ਚਲਾਏ ਜਾ ਰਹੇ ਨਿੱਜੀ ਸਕੂਲ ਦੀ ਉਸਾਰੀ ਲਈ ਵਰਤਿਆ ਜਾ ਰਿਹਾ ਹੈ। ਸਕੂਲ ਦੀ ਐਨਓਸੀ ਰੱਦ ਕਰ ਦਿੱਤੀ ਗਈ ਸੀ ਅਤੇ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਲੜਾਈ ਹੋਈ
ਜਲਾਲਾਬਾਦ ਦੇ ‘ਆਪ’ ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਕਾਰਨ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾ ਰਹੀ ਸੀ। ਇਸ ਕਾਰਨ ਅਕਾਲੀ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਨਾਲ ਬੀਡੀਪੀਓ ਦਫ਼ਤਰ ਪੁੱਜੇ। ਉਥੇ 'ਆਪ' ਵਰਕਰ ਵੀ ਪਹਿਲਾਂ ਤੋਂ ਮੌਜੂਦ ਸਨ।
ਛਾਤੀ ਵਿੱਚ ਗੋਲੀ ਮਾਰੀ ਗਈ
ਗੋਲਡੀ ਕੰਬੋਜ ਨੇ ਦੱਸਿਆ ਕਿ ਮਨਦੀਪ ਬਰਾੜ ਨੂੰ ਛਾਤੀ 'ਚ ਗੋਲੀ ਲੱਗੀ ਹੈ, ਜਦਕਿ ਦੂਜੇ ਵਿਅਕਤੀ ਦੇ ਹੱਥ 'ਚ ਗੋਲੀ ਲੱਗੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਨੋਨੀ ਮਾਨ ਆਪਣੇ ਸਕੂਲ ਵਿੱਚ ਹੋਏ ਝਗੜੇ ਕਾਰਨ ਬੀਡੀਪੀਓ ਦਫ਼ਤਰ ਪੁੱਜੇ ਸਨ। ਉੱਥੇ ਦਫ਼ਤਰ ਦੇ ਬਾਹਰ ਉਨ੍ਹਾਂ ਦੀ ਤਕਰਾਰ ਹੋ ਗਈ। ਇਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।