ਜਲੰਧਰ ਪੱਛਮੀ ਦੀ ਉਪ ਚੋਣ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਵੱਡੇ ਫਰਕ ਨਾਲ ਜਿੱਤੀ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹੁਣ ਜਲੰਧਰ ਆ ਰਹੇ ਹਨ। ਸੀ ਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਜਲੰਧਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਫ਼ਤੇ ਵਿੱਚ ਦੋ ਦਿਨ ਜਲੰਧਰ ਵਿੱਚ ਰਹਿਣਗੇ ਅਤੇ ਇੱਥੇ ਮਾਝੇ-ਦੁਆਬੇ ਦੇ ਲੋਕਾਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਇਸ ਵਾਅਦੇ ਅਨੁਸਾਰ ਮੈਂ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਲਈ ਜਲੰਧਰ ਆ ਰਿਹਾ ਹਾਂ। ਮਾਝੇ ਤੇ ਦੋਆਬੇ ਵਾਲਿਆਂ ਦੇ ਕੰਮ ਇੱਥੇ ਹੀ ਹੋਣਗੇ ਉਨ੍ਹਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ।
ਮਹਿੰਦਰ ਭਗਤ 37 ਹਜ਼ਾਰ ਵੋਟਾਂ ਨਾਲ ਜੇਤੂ ਰਹੇ ਸਨ
ਦੱਸ ਦੇਈਏ ਕਿ ਜਲੰਧਰ ਪੱਛਮੀ ਸੀਟ 'ਤੇ ਹੋਈ ਉਪ ਚੋਣ 'ਚ ਮਹਿੰਦਰ ਭਗਤ ਨੇ ਰਿਕਾਰਡਤੋੜ ਜਿੱਤ ਹਾਸਲ ਕੀਤੀ ਸੀ। ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ। ਮਹਿੰਦਰ ਭਗਤ ਨੂੰ 55,246 ਵੋਟਾਂ ਮਿਲੀਆਂ ਸਨ। ਭਾਜਪਾ ਦੇ ਸ਼ੀਤਲ ਅੰਗੁਰਾਲ 17,921 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੀ ਸੁਰਿੰਦਰ ਕੌਰ 16,757 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਸਨ।
ਜਲੰਧਰ ਵੈਸਟ ਨੂੰ ਬਣਾਵਾਂਗੇ ਸੁਰੱਖਿਅਤ
ਜਿੱਤ ਤੋਂ ਬਾਅਦ ਮਹਿੰਦਰ ਭਗਤ ਨੇ ਕਿਹਾ ਸੀ ਕਿ ਇਸ ਵਾਰ ਜਲੰਧਰ ਪੱਛਮੀ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ ਪਿਛਲੇ 3 ਹਫਤਿਆਂ 'ਚ ਇਸ ਜਿੱਤ ਲਈ ਦਿਨ-ਰਾਤ ਕੰਮ ਕੀਤਾ। ਅੱਜ ਸਾਨੂੰ ਜੋ ਬਹੁਮਤ ਮਿਲਿਆ ਹੈ ਉਹ ਸੀ.ਐਮ ਮਾਨ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਹੀ ਮਿਲਿਆ ਹੈ। ਅਸੀਂ ਜਲੰਧਰ ਪੱਛਮੀ ਨੂੰ ਸੁਰੱਖਿਅਤ ਬਣਾਵਾਂਗੇ ਅਤੇ ਇੱਥੋਂ ਨਸ਼ਾਖੋਰੀ ਅਤੇ ਦੜੇ-ਸੱਟੇ ਨੂੰ ਖਤਮ ਕਰਾਂਗੇ।